ਨਵੀਂ ਦਿੱਲੀ: ਫੇਸਬੁੱਕ ਦੀ ਮਾਲਕੀਅਤ ਵਾਲੇ ਵਟਸਐਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਰਕਾਰ ਦੀ ਮੰਗ ਨਾਲ ਸਹਿਮਤ ਹੈ ਜਿਸ ਵਿੱਚ ਲੱਖਾਂ ਭਾਰਤੀਆਂ ਦੀ ਪ੍ਰਾਈਵੇਸੀ ਸੁਰੱਖਿਆ ਨੂੰ ਸਪੱਸ਼ਟ ਕਰਨ ਨੂੰ ਕਿਹਾ ਗਿਆ ਹੈ।
ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਮੈਸੇਜਿੰਗ ਪਲੇਟਫਾਰਮ ਵਟਸਐਪ ਉੱਤੇ ਭਾਰਤ ਦੇ ਨਾਗਰਿਕਾਂ ਦੀ ਪ੍ਰਾਈਵੇਸੀ ਦੀ ਉਲੰਘਣਾ ਬਾਰੇ ਚਿੰਤਤ ਹੈ।
ਪਹਿਲੇ ਅਧਿਕਾਰਕ ਜਵਾਬ ਵਿੱਚ ਵਟਸਐਪ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੰਪਨੀ ਸਾਰੇ ਭਾਰਤੀ ਨਾਗਰਿਕਾਂ ਦੀ ਪ੍ਰਾਈਵੇਸੀ ਦੀ ਰਾਖੀ ਦੀ ਜ਼ਰੂਰਤ ਬਾਰੇ ਭਾਰਤ ਸਰਕਾਰ ਦੇ ਸਖ਼ਤ ਬਿਆਨ ਨਾਲ ਸਹਿਮਤ ਹੈ।
ਬੁਲਾਰੇ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸਾਈਬਰ ਹਮਲਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਵਟਸਐਪ ਸਾਰੇ ਯੂਜ਼ਰਾਂ ਦੇ ਸੰਦੇਸ਼ਾਂ ਦੀ ਰਾਖੀ ਲਈ ਵਚਨਬੱਧ ਹੈ।
ਗ੍ਰਹਿ ਮੰਤਰਾਲੇ ਨੇ ਵਟਸਐਪ ਵਿਵਾਦ ਉੱਤੇ ਇਕ ਵੱਖਰਾ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਰਕਾਰ ਪ੍ਰਾਈਵੇਸੀ ਦੇ ਅਧਿਕਾਰ ਸਣੇ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਪ੍ਰਾਈਵੇਸੀ ਦੀ ਉਲੰਘਣਾ ਲਈ ਜ਼ਿੰਮੇਵਾਰ ਕਿਸੇ ਵੀ ਸੰਚਾਲਕ ਵਿਰੁੱਧ ਸਖ਼ਤ ਕਾਰਵਾਈ ਕਰੇਗੀ।