ਮੁੰਬਈ: ਕਾਮੇਡੀਅਨ ਭਾਰਤੀ ਅਤੇ ਉਸ ਦੇ ਪਤੀ ਹਰਸ਼ ਲਿਮਬਾਚੀਆ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀਆਂ ਵੱਲੋਂ ਡਾਕਟਰੀ ਜਾਂਚ ਲਈ ਸਿਓਨ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਭਾਰਤੀ ਅਤੇ ਹਰਸ਼ ਦੀ ਕਿਲ੍ਹਾ ਅਦਾਲਤ ਵਿੱਚ ਪੇਸ਼ੀ ਹੋਈ, ਜਿੱਥੇ ਅਦਾਲਤ ਨੇ ਦੋਵਾਂ ਨੂੰ 4 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਅਦਾਲਤ ਇਨ੍ਹਾਂ ਦੀ ਜ਼ਮਾਨਤ ਪਟੀਸ਼ਨਾਂ 'ਤੇ ਸੋਮਵਾਰ ਨੂੰ ਸੁਣਵਾਈ ਕਰੇਗੀ। ਭਾਰਤੀ ਨੂੰ ਐਨਸੀਬੀ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਪਤੀ ਨੂੰ ਐਤਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ, ਜੋੜੇ ਨੂੰ ਐਤਵਾਰ ਦੁਪਹਿਰ ਨੂੰ ਇੱਥੇ ਇੱਕ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਭਾਰਤੀ ਅਤੇ ਹਰਸ਼ ਨੇ ਗਾਂਜਾ ਲੈਣਾ ਕੀਤਾ ਸਵੀਕਾਰ
ਐਨਸੀਬੀ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਪਹਿਲਾਂ ਇਹ ਦੱਸਿਆ ਗਿਆ ਸੀ ਕਿ, ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚੀਆ ਨੇ ਗਾਂਜਾ ਲੈਣ ਨੂੰ ਸਵੀਕਾਰ ਕਰ ਲਿਆ ਹੈ।
ਜ਼ੁਰਮਾਨੇ ਅਤੇ ਸਜ਼ਾ ਦੀ ਮਿਆਦ
ਇੱਕ ਹਜ਼ਾਰ ਗ੍ਰਾਮ ਤੱਕ ਦੇ ਗਾਂਜੇ ਨੂੰ ਥੋੜ੍ਹੀ ਮਾਤਰਾ ਮੰਨਿਆ ਜਾਂਦਾ ਹੈ ਅਤੇ ਇਸ ਦੇ ਲਈ ਛੇ ਮਹੀਨਿਆਂ ਤੱਕ ਦੀ ਕੈਦ ਜਾਂ 10,000 ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਵਪਾਰਕ ਮਾਤਰਾ (20 ਕਿਲੋ ਜਾਂ ਵੱਧ) ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਵਿਚਕਾਰ ਦੀ ਰਕਮ ਲਈ 10 ਸਾਲ ਦੀ ਕੈਦ ਹੋ ਸਕਦੀ ਹੈ।
ਤਸਕਰ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਭਾਰਤੀ ਦਾ ਨਾਂਅ
ਅਧਿਕਾਰੀ ਨੇ ਦੱਸਿਆ ਕਿ ਨਸ਼ਾ ਤਸਕਰ ਦੀ ਪੁੱਛਗਿੱਛ ਦੌਰਾਨ ਭਾਰਤੀ ਸਿੰਘ ਦਾ ਨਾਂਅ ਸਾਹਮਣੇ ਆਇਆ ਸੀ। ਭਾਰਤੀ ਸਿੰਘ ਟੀਵੀ ‘ਤੇ ਕਈ ਕਾਮੇਡੀ ਅਤੇ ਰਿਐਲਿਟੀ ਸ਼ੋਅਜ਼ ਵਿੱਚ ਦਿਖਾਈ ਦਿੰਦੀ ਰਹੀ ਹੈ।