ਕੋਲਕਾਤਾ: ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਅਤੇ ਐਨ.ਆਰ.ਸੀ. ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਟੀ.ਐੱਮ.ਸੀ. ਵੱਲੋਂ ਕੀਤੇ ਭਾਰੀ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਪਣੇ ਦੋ ਦਿਨਾਂ ਦੌਰੇ 'ਤੇ ਪੱਛਮੀ ਬੰਗਾਲ ਪਹੁੰਚੇ ਹਨ। ਇਸ ਤੋਂ ਬਾਅਦ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਰਾਜ ਭਵਨ ਵਿਖੇ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਦੇ ਹਵਾਈ ਅੱਡੇ 'ਤੇ ਪਹੁੰਚਣ ਮਗਰੋਂ ਉਨ੍ਹਾਂ ਦਾ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਅਤੇ ਕੋਲਕਾਤਾ ਦੇ ਮੇਅਰ ਅਤੇ ਬੰਗਾਲ ਦੇ ਸ਼ਹਿਰੀ ਵਿਕਾਸ ਅਤੇ ਨਗਰ ਨਿਗਮ ਦੇ ਮੰਤਰੀ ਫਿਰਦ ਖਾਨ ਨੇ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨੇ ਵਿਰੋਧ ਕੀਤਾ ਹੈ। ਇਸ ਦੌਰਾਨ 'ਮੋਦੀ ਗੋ ਬੈਕ' ਦੇ ਨਾਅਰੇ ਲਗਾਏ ਗਏ।
ਦੱਸ ਦੇਈਏ ਕਿ ਪੀਐਮ ਮੋਦੀ ਕੋਲਕਾਤਾ ਪੋਰਟ ਟਰੱਸਟ ਦੇ 150 ਵੇਂ ਵਰ੍ਹੇਗੰਡ ਦੇ ਜਸ਼ਨ ਅਤੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਮੋਦੀ ਚਾਰ ਇਤਿਹਾਸਕ ਇਮਾਰਤਾਂ ਜਿਨ੍ਹਾਂ ਦਾ ਨਵੀਨੀਕਰਨ ਕੀਤਾ ਗਿਆ ਹੈ, ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।