ਗੁਵਹਾਟੀ: ਰਾਜ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਪਾਸ ਹੋਣ ਤੋਂ ਬਾਅਦ ਉੱਤਰ ਪੂਰਬ ਦੇ ਲੋਕਾਂ ਵਿੱਚ ਨਾਰਾਜ਼ਗੀ ਰੁਕਣ ਦਾ ਨਾਮ ਨਹੀਂ ਲੈ ਰਹੀ। ਲੋਕਾਂ ਵੱਲੋਂ ਕੀਤੇ ਜਾ ਰਹੇ ਭਾਰੀ ਵਿਰੋਧ ਨੂੰ ਦੇਖਦੇ ਹੋਏ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ। ਜਾਣਕਾਰੀ ਮੁਤਾਬਕ ਇਸ ਵਿੱਚ ਕੁੱਝ ਲੋਕ ਜ਼ਖ਼ਮੀ ਵੀ ਹੋਏ ਹਨ।
ਦੱਸ ਦਈਏ ਕਿ ਲਾਲੰਗਾਂਗਾਓਂ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਲੋਕਾਂ ਉੱਤੇ ਪੁਲਿਸ ਨੇ ਗੋਲੀਆਂ ਚਲਾਈਆਂ। ਇਸ ਵਿੱਚ ਕੁੱਝ ਲੋਕ ਜ਼ਖਮੀ ਹੋਣ ਦੀ ਖ਼ਬਰ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਾਲਿਆਂ 'ਤੇ ਪੱਥਰ ਸੁੱਟੇ, ਇੱਟਾਂ ਸੁੱਟੀਆਂ ਅਤੇ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕ ਨਹੀਂ ਰੁਕੇ।
ਅਧਿਕਾਰੀਆਂ ਨੇ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਬਾਰੇ ਨਹੀਂ ਦੱਸਿਆ ਪਰ ਪ੍ਰਦਰਸ਼ਨਕਾਰੀ ਦਾਅਵਾ ਕਰ ਰਹੇ ਹਨ ਕਿ ਘੱਟੋ-ਘੱਟ ਚਾਰ ਲੋਕ ਜ਼ਖਮੀ ਹੋਏ ਹਨ। ਗੁਵਹਾਟੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਇਸ ਬਿੱਲ ਦੇ ਵਿਰੋਧ ਵਿੱਚ ਵੀਰਵਾਰ ਨੂੰ ਕਰਫਿਊ ਦੀ ਉਲੰਘਣਾ ਕੀਤੀ ਅਤੇ ਸੜਕਾਂ ਉੱਤੇ ਉਤਰ ਆਏ।
ਇਹ ਵੀ ਪੜ੍ਹੋ: ਹੈਦਰਾਬਾਦ ਐਨਕਾਊਂਟਰ ਮਾਮਲੇ ਵਿੱਚ SC ਨੇ ਜਾਂਚ ਕਮਿਸ਼ਨ ਦਾ ਕੀਤਾ ਗਠਨ
ਜਾਣਕਾਰੀ ਮੁਤਾਬਕ ਅਸਮ ਦੇ ਪ੍ਰਭਾਵਸ਼ਾਲੀ ਵਿਦਿਆਰਥੀ ਸੰਗਠਨ ਆਸੂ ਅਤੇ ਕਿਸਾਨ ਸੰਗਠਨ ਕੇਐਮਐਸਐਸ ਨੇ ਲੋਕਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਦਾ ਸੱਦਾ ਦਿੱਤਾ ਹੈ। ਗੁਵਹਾਟੀ ਵਿਚ ਬੁੱਧਵਾਰ ਸ਼ਾਮ ਤੋਂ ਅਣਮਿਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਅੰਬਰੋਈ ਖੇਤਰ ਵਿੱਚ ਸੀਨੀਅਰ ਭਾਜਪਾ ਨੇਤਾ ਹੇਮੰਤ ਬਿਸਵਾ ਸ਼ਰਮਾ ਦਾ ਪੁਤਲਾ ਸਾੜਿਆ। ਇਸ ਦੇ ਨਾਲ ਹੀ ਕਾਟਨ ਯੂਨੀਵਰਸਿਟੀ ਅਤੇ ਹੈਂਡਿਕ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੀ CAB ਦਾ ਵਿਰੋਧ ਕਰ ਰਹੀਆਂ ਹਨ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਇਹ ਸਾਡੀ ਹੋਂਦ ਦੀ ਲੜਾਈ ਹੈ।"