ਕੁੱਲੂ: ਦੁਨੀਆ ਭਰ 'ਚ ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਦੇ ਵਿਚਕਾਰ ਚੀਨੀ ਹੈਲੀਕਾਪਟਰ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਵੇਖੇ ਗਏ। ਪਿਛਲੇ ਡੇਢ ਮਹੀਨੇ ਵਿੱਚ 2 ਵਾਰ ਚੀਨੀ ਹੈਲੀਕਾਪਟਰ ਅੰਤਰਰਾਸ਼ਟਰੀ ਸਰਹੱਦ ਦੇ 12 ਕਿਲੋਮੀਟਰ ਅੰਦਰ ਤੱਕ ਉਡਾਣ ਭਰਦੇ ਪਾਏ ਗਏ। ਕੋਰੋਨਾ ਮਹਾਂਮਾਰੀ ਦੇ ਵਿਚਕਾਰ ਵੀ ਚੀਨ ਆਪਣੀਆਂ ਪੁਰਾਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।
ਸਿੱਕਮ ਤੋਂ ਬਾਅਦ ਹੁਣ ਚੀਨ ਨੇ ਹਿਮਾਚਲ ਪ੍ਰਦੇਸ਼ ਵਿੱਚ ਭਾਰਤੀ ਸਰਹੱਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੀਨੀ ਹੈਲੀਕਾਪਟਰ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਸਰਹੱਦ ਵਿੱਚ 12 ਕਿਲੋਮੀਟਰ ਅੰਦਰ ਤੱਕ ਦਾਖ਼ਲ ਹੋ ਗਏ।
ਇਹ ਚੀਨੀ ਹੈਲੀਕਾਪਟਰ ਰਣਨੀਤਕ ਤੌਰ 'ਤੇ ਮਹੱਤਵਪੂਰਨ ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਸੁਮਡੋ ਪੁਲਿਸ ਜਾਂਚ ਚੌਕੀ ਨੇੜੇ ਵੇਖੇ ਗਏ। ਪੁਲਿਸ ਨੇ ਇਸ ਦੀ ਜਾਣਕਾਰੀ ਆਰਮੀ, ਆਈਬੀ, ਆਈਟੀਬੀਪੀ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਹੈ। ਜਾਣਕਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਸਰਹੱਦ 'ਤੇ ਪਹਿਰਾ ਵਧਾ ਦਿੱਤਾ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 46 ਲੱਖ ਤੋਂ ਪਾਰ, 3 ਲੱਖ ਮੌਤਾਂ
ਲਾਹੌਲ-ਸਪੀਤੀ ਦੇ ਐਸਪੀ ਰਾਜੇਸ਼ ਧਰਮਾਨੀ ਨੇ ਕਿਹਾ ਕਿ ਇਹ ਮਾਮਲਾ ਸੈਨਾ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਭੇਜ ਦਿੱਤਾ ਗਿਆ ਹੈ। ਚੀਨੀ ਹੈਲੀਕਾਪਟਰ 2 ਵਾਰ ਬਹੁਤ ਨੀਵਾਂ ਉਡਦਾ ਪਾਇਆ ਗਿਆ ਹੈ। ਪਹਿਲੀ ਘਟਨਾ ਅਪ੍ਰੈਲ ਦੇ ਅਖ਼ੀਰ ਦੀ ਹੈ, ਜਦੋਂ ਕਿ ਦੂਜੀ ਵਾਰ ਮਈ ਦੇ ਪਹਿਲੇ ਹਫ਼ਤੇ ਵਿੱਚ ਇੱਕ ਚੀਨੀ ਹੈਲੀਕਾਪਟਰ ਨੇ ਹਿਮਾਚਲ ਸਰਹੱਦ ਤੋਂ ਉਡਾਣ ਭਰੀ। 12 ਕਿਲੋਮੀਟਰ ਤੱਕ ਅੰਦਰ ਆਉਣ ਤੋਂ ਬਾਅਦ ਦੋਵੇਂ ਹੈਲੀਕਾਪਟਰ ਵਾਪਸ ਤਿੱਬਤ ਵੱਲ ਚਲੇ ਗਏ।
ਚੀਨ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦਾ ਆਇਆ ਹੈ। ਤਕਰੀਬਨ ਇਕ ਹਫ਼ਤਾ ਪਹਿਲਾਂ ਸਿੱਕਿਮ ਵਿਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਟਕਰਾਅ ਹੋਣ ਦੀ ਖ਼ਬਰ ਆਈ ਸੀ। ਰਿਪੋਰਟ ਦੇ ਅਨੁਸਾਰ ਉੱਤਰੀ ਸਿੱਕਮ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿੱਚ ਝੜਪ ਹੋਈ ਸੀ। ਇਸ ਵਿੱਚ ਕੁੱਝ ਸੈਨਿਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਬਾਅਦ ਵਿੱਚ ਮਾਮਲਾ ਸੁਲਝਾ ਲਿਆ ਗਿਆ ਸੀ।