ਨਵੀਂ ਦਿੱਲੀ: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਸ ਦੇ ਚੀਨੀ ਹਮਰੁਤਬਾ ਵੇਈ ਫੇਂਗਹੀ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹਨ। ਦੋਵੇਂ ਐਸਸੀਓ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਸੰਭਾਵਨਾ ਹੈ ਕਿ ਚੀਨੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਸਕਦੇ ਹਨ।
ਦਰਅਸਲ, ਰਾਜਨਾਥ ਅਤੇ ਵੇਈ ਇਸ ਸਮੇਂ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹਨ, ਪਰ ਦੋਵਾਂ ਵਿਚਾਲੇ ਮੁਲਾਕਾਤ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਚੀਨੀ ਪੱਖ ਨੇ ਭਾਰਤੀ ਮਿਸ਼ਨ ਨੂੰ ਦੋਵਾਂ ਰੱਖਿਆ ਮੰਤਰੀਆਂ ਦਰਮਿਆਨ ਬੈਠਕ ਦੀ ਇੱਛਾ ਬਾਰੇ ਜਾਣੂ ਕਰਵਾਇਆ ਹੈ।
ਇਹ ਸਮਝਿਆ ਜਾਂਦਾ ਹੈ ਕਿ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗਹੀ ਨੇ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਇੱਕ ਮਹੱਤਵਪੂਰਨ ਬੈਠਕ ਦੇ ਮੌਕੇ 'ਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ, ਇਸ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਵੱਲੋਂ ਭਾਰਤੀ ਖੇਤਰਾਂ ਵਿੱਚ ਘੁਸਪੈਠ ਕਰਨ ਦੀਆਂ ਤਾਜ਼ਾ ਕੋਸ਼ਿਸ਼ਾਂ ਤੋਂ ਬਾਅਦ, ਭਾਰਤ ਤੇ ਚੀਨ ਦਰਮਿਆਨ ਫ਼ੌਜ ਪੱਧਰ ਦੀ ਗੱਲਬਾਤ ਲਗਾਤਾਰ ਚੌਥੇ ਦਿਨ ਨਿਰਵਿਘਨ ਰਹੀ। 4 ਘੰਟੇ ਚੱਲੀ ਲੰਬੀ ਬੈਠਕ ਦੌਰਾਨ ਚੀਨੀ ਅੜੇ ਰਹੇ ਅਤੇ ਉਨ੍ਹਾਂ ਨੇ ਪੂਰਬੀ ਲੱਦਾਖ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਬ੍ਰਿਗੇਡ ਦੇ ਕਮਾਂਡਰ ਪੱਧਰ ਦੇ ਅਧਿਕਾਰੀਆਂ ਨੇ ਚੁਸ਼ੂਲ ਵਿੱਚ ਮੁਲਾਕਾਤ ਕੀਤੀੇ।
ਇਸ ਤੋਂ ਪਹਿਲਾਂ ਹੀ, ਦਿਨ ਵਿੱਚ ਭਾਰਤੀ ਫੌ਼ਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਚੀਨ ਨਾਲ ਚੱਲ ਰਹੇ ਵਿਵਾਦ ਦੇ ਵਿਚਕਾਰ ਸੁਰੱਖਿਆ ਬਲਾਂ ਦੀਆਂ ਸੰਚਾਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲੱਦਾਖ ਪਹੁੰਚੇ ਸਨ। 2 ਦਿਨਾਂ ਦੌਰੇ 'ਤੇ ਜਨਰਲ ਨਰਵਾਣੇ ਸਵੇਰੇ ਲੇਹ ਪਹੁੰਚੇ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਜਨਰਲ ਨਰਵਾਣੇ ਚੀਨੀ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੀ ਰਣਨੀਤੀ ਉੱਤੇ ਵਿਚਾਰ ਵਟਾਂਦਰੇ ਕਰ ਰਹੇ ਹਨ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨੇ ਭਾਰਤੀ ਇਲਾਕਿਆਂ ਵਿੱਚ ਘੁਸਪੈਠ ਦੇ ਤਾਜ਼ਾ ਯਤਨ ਕੀਤੇ ਹਨ। ਦੋਵੇਂ ਦੇਸ਼ਾਂ ਦੇ ਫ਼ੌਜੀ ਨੁਮਾਇੰਦੇ ਤਣਾਅ ਘਟਾਉਣ ਲਈ ਗੱਲਬਾਤ ਵਿੱਚ ਲੱਗੇ ਹੋਏ ਹਨ।
ਚੀਨ ਨੇ ਪੈਂਗੋਂਗ ਤਸੋ ਵਿੱਚ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਵਿੱਚ ਭੜਕਾਊ ਫ਼ੌਜੀ ਕਾਰਵਾਈਆਂ ਕੀਤੀਆਂ। ਚੀਨੀ ਫ਼ੌਜਾਂ ਨੇ 29-30 ਅਗਸਤ ਦੀ ਦਰਮਿਆਨੀ ਰਾਤ ਨੂੰ ਭੜਕਾਊ ਕਾਰਵਾਈ ਕੀਤੀ। ਪਰ ਭਾਰਤੀ ਫ਼ੌਜੀਆਂ ਨੇ ਪੀਐਲਏ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਨਸੂਬਿਆਂ ਉੱਤੇ ਪਾਣੀ ਫ਼ੇਰ ਦਿੱਤਾ।