ਨਵੀਂ ਦਿੱਲੀ: ਲੱਦਾਖ ਦੀ ਜਿਹੜੀ ਗਲਵਾਨ ਘਾਟੀ ਦੀ ਰੱਖਿਆ ਲਈ ਚੀਨੀ ਫੌਜ ਨਾਲ ਹਿੰਸਕ ਸੰਘਰਸ਼ ਦੌਰਾਨ ਸਾਡੇ 20 ਭਾਰਤੀ ਫੌਜੀ ਸ਼ਹੀਦ ਹੋਏ ਸਨ, ਉਸ ਨੂੰ ਲੈ ਕੇ ਚੀਨ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਚੀਨ ਨੇ ਕਿਹਾ ਕਿ ਗਲਵਾਨ ਘਾਟੀ ਉਨ੍ਹਾਂ ਦਾ ਹੀ ਹਿੱਸਾ ਹੈ। ਚੀਨ ਨੇ ਕਿਹਾ ਕਿ ਕਈ ਸਾਲਾਂ ਤੋਂ ਉਥੇ ਚੀਨੀ ਸੁਰੱਖਿਆ ਗਾਰਡ ਗਸ਼ਤ ਕਰ ਰਹੇ ਹਨ ਅਤੇ ਆਪਣੀ ਡਿਊਟੀ ਨਿਭਾ ਰਹੇ ਹਨ।
ਚੀਨੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਆਪਣੀ ਵੈਬਸਾਈਟ 'ਤੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਗਲਵਾਨ ਘਾਟੀ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਚੀਨ ਵਾਲੇ ਪਾਸੇ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੋਵੇਂ ਦੇਸ਼ਾਂ ਵਿਚਾਲੇ ਜਲਦੀ ਤੋਂ ਜਲਦੀ ਦੂਜੀ ਕਮਾਂਡਰ ਪੱਧਰੀ ਬੈਠਕ ਕਰਨ ਦੀ ਵੀ ਗੱਲ ਕੀਤੀ । ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਯਾਨ ਨੇ 15 ਜੂਨ ਨੂੰ ਪੂਰਬੀ ਲੱਦਾਖ ਵਿੱਚ ਹਿੰਸਕ ਝੜਪਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ, "ਗਲਵਾਨ ਘਾਟੀ ਅਸਲ ਕੰਟਰੋਲ ਰੇਖਾ ਦੇ ਚੀਨੀ ਹਿੱਸੇ ਵਿੱਚ ਆਉਂਦੀ ਹੈ।" ਚੀਨੀ ਸੁਰੱਖਿਆ ਗਾਰਡ ਕਈ ਸਾਲਾਂ ਤੋਂ ਉਥੇ ਗਸ਼ਤ ਕਰ ਰਹੇ ਹਨ ਅਤੇ ਆਪਣੀ ਡਿਊਟੀ ਨਿਭਾ ਰਹੇ ਹਨ।
ਚੀਨ ਨੇ ਕਿਹਾ ਕਿ 15 ਜੂਨ ਦੀ ਸ਼ਾਮ ਨੂੰ ਭਾਰਤੀ ਫੌਜ ਨੇ ਕਮਾਂਡਰ ਪੱਧਰ ਦੀ ਗੱਲਬਾਤ ਦੌਰਾਨ ਸਮਝੌਤਾ ਤੋੜਿਆ ਅਤੇ ਚੀਨੀ ਸਰਹੱਦ ਅੰਦਰ ਵੜ ਗਏ। ਦੋਹਾਂ ਦੇਸ਼ਾਂ ਦਰਮਿਆਨ ਸਥਿਤੀ ਜਾਣਬੁੱਝ ਕੇ ਖ਼ਰਾਬ ਕੀਤੀ ਗਈ। ਜਦੋਂ ਚੀਨੀ ਫੌਜ ਅਤੇ ਅਧਿਕਾਰੀ ਉਨ੍ਹਾਂ ਨਾਲ ਗੱਲ ਕਰਨ ਪਹੁੰਚੇ ਤਾਂ ਭਾਰਤੀ ਫੌਜ ਨੇ ਹਿੰਸਕ ਹਮਲਾ ਕੀਤਾ। ਜਿਸ ਤੋਂ ਬਾਅਦ ਦੋਹਾਂ ਫ਼ੌਜਾਂ ਵਿਚਾਲੇ ਟਕਰਾਅ ਹੋ ਗਿਆ ਅਤੇ ਜਾਨੀ ਨੁਕਸਾਨ ਹੋਇਆ।
ਚੀਨ ਨੇ ਅੱਗੇ ਕਿਹਾ ਕਿ ਭਾਰਤੀ ਫੌਜ ਨੇ ਸਰਹੱਦ 'ਤੇ ਕਾਰਵਾਈ ਕਰਦਿਆਂ ਐਡਵੈਂਚਰਜ਼ ਐਕਟ ਕੀਤਾ, ਚੀਨੀ ਫੌਜ ਦੀ ਜਾਨ ਨੂੰ ਖਤਰੇ 'ਚ ਪਾਇਆ, ਨਾਲ ਹੀ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਸਮਝੌਤੇ ਦੀ ਉਲੰਘਣਾ ਕੀਤੀ ਜੋ ਕਿ ਦੋਹਾਂ ਦੇਸ਼ਾਂ ਵਿਚਾਲੇ ਅੰਤਰਰਾਸ਼ਟਰੀ ਸੰਬੰਧਾਂ ਦੀ ਉਲੰਘਣਾ ਹੈ।
ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਸ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਅਪ੍ਰੈਲ -2020 ਤੋਂ ਭਾਰਤ ਐਲਏਸੀ ਨੇੜੇ ਗਲਵਾਨ ਘਾਟੀ ਵਿੱਚ ਸੜਕ ਨਿਰਮਾਣ, ਪੁਲ ਨਿਰਮਾਣ ਅਤੇ ਹੋਰ ਗਤੀਵਿਧੀਆਂ ਲਗਾਤਾਰ ਕਰ ਰਿਹਾ ਹੈ। ਚੀਨ ਕਈ ਵਾਰ ਇਨ੍ਹਾਂ ਮਾਮਲਿਆਂ ਬਾਰੇ ਭਾਰਤ ਸਰਕਾਰ ਨੂੰ ਵਿਰੋਧ ਜ਼ਾਹਿਰ ਕਰ ਚੁੱਕਾ ਹੈ। ਇਸ ਦੇ ਬਾਵਜੂਦ ਭਾਰਤੀ ਫੌਜ ਬਾਰ ਬਾਰ ਸਰਹੱਦ ਪਾਰ ਕਰਕੇ ਸਾਨੂੰ ਭੜਕਾਉਣ ਦਾ ਕੰਮ ਕਰਦੀ ਰਹੀ।
6 ਮਈ ਦੀ ਸਵੇਰ ਤੱਕ ਭਾਰਤੀ ਸਰਹੱਦੀ ਫੌਜ ਨੇ ਰਾਤੋ ਰਾਤ ਚੀਨ ਦੀ ਸਰਹੱਦ ਅੰਦਰ ਵੜ ਕੇ ਬੰਕਰ ਤੇ ਬੈਰੀਕੇਡ ਬਣਾਏ ਸਨ। ਜਿਨ੍ਹਾਂ ਨਾਲ ਚੀਨੀ ਫੌਜਾਂ ਨੂੰ ਗਸ਼ਤ ਕਰਨ ਤੋਂ ਰੋਕਿਆ ਜਾ ਸਕੇ।
ਚੀਨ ਨੇ ਕਿਹਾ ਕਿ ਤਣਾਅ ਘਟਾਉਣ ਲਈ ਦੋਵੇਂ ਧਿਰ ਕੂਟਨੀਤਕ ਅਤੇ ਫੌਜੀ ਤਰੀਕਿਆਂ ਰਾਹੀਂ ਸੰਚਾਰ ਕਰ ਰਹੇ ਹਨ। ਖੇਤਰ ਦੀ ਸਥਿਤੀ ਨਾਲ ਨਜਿੱਠਣ ਲਈ ਜਿੰਨੀ ਜਲਦੀ ਹੋ ਸਕੇ ਦੂਜੀ ਕਮਾਂਡਰ ਪੱਧਰੀ ਬੈਠਕ ਕੀਤੀ ਜਾਣੀ ਚਾਹੀਦੀ ਹੈ।
ਹਾਲਾਂਕਿ, ਭਾਰਤ ਨੇ ਇੱਕ ਦਿਨ ਪਹਿਲਾਂ ਚੀਨੀ ਫੌਜ ਦੇ ਗਲਵਾਨ ਵਾਦੀ ਉੱਤੇ ਪ੍ਰਭੂਸੱਤਾ ਦੇ ਦਾਅਵੇ ਨੂੰ ਰੱਦ ਕਰਦਿਆਂ ਬੀਜਿੰਗ ਨੂੰ ਆਪਣੀਆਂ ਸਰਗਰਮੀਆਂ ਨੂੰ ਐਲਏਸੀ ਦੇ ਉਸ ਪਾਸੇ ਤੱਕ ਸੀਮਤ ਕਰਨ ਲਈ ਕਿਹਾ ਸੀ।