ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ-ਚੀਨ ਫੌਜੀਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਹੁਣ ਚੀਨ ਮੁੜ ਤੋਂ ਨਾਪਾਕ ਹਰਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਣਕਾਰੀ ਮੁਤਾਬਕ 15 ਜੂਨ ਨੂੰ ਗਲਵਾਨ ਘਾਟੀ ਨੇੜੇ ਜਿੱਥੇ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਹੋਈ ਸੀ ਹੁਣ ਚੀਨ ਦੀ ਫੌਜ ਉੱਥੇ ਫਿਰ ਤੋਂ ਪਹੁੰਚ ਗਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਫੌਜੀਆਂ ਨੇ ਪੈਟਰੌਲਿੰਗ ਪੁਆਇੰਟ ਨੰਬਰ -14 'ਤੇ ਟੈਂਟ ਲਗਾ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਪੂਰਬੀ ਲੱਦਾਖ ਵਿੱਚ ਗਲਵਾਨ ਘਾਟੀ ਤੋਂ ਬਾਅਦ ਹੁਣ ਉਤਰੀ ਲੱਦਾਖ ਦੇ ਡੇਪਸਾਂਗ ਵਿੱਚ ਫੌਜੀਆਂ ਦੀ ਗਿਣਤੀ ਵੀ ਵਧਾ ਰਿਹਾ ਹੈ। ਜਿਸ ਤਹਿਤ ਉਹ ਨਵੀਂ ਸਾਜਿਸ਼ ਰੱਚ ਰਿਹਾ ਹੈ।
ਦੱਸ ਦਈਏ ਕਿ ਬੁੱਧਵਾਰ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਇੱਕ ਬੈਠਕ ਵਿੱਚ ਵਿਚਾਰ ਵਟਾਂਦਰਾ ਹੋਇਆ। ਬੈਠਕ ਵਿੱਚ ਚੀਨ ਨੇ ਕਿਹਾ ਕਿ ਉਹ ਡਿਸਇੰਗੇਜ਼ਮੇਂਟ ਦੀ ਯੋਜਨਾ 'ਤੇ ਕੰਮ ਕਰਨ ਲਈ ਸਹਿਮਤ ਹੈ। ਇਸ ਦੇ ਨਾਲ ਹੀ ਚੀਨ ਨੇ ਤਣਾਅ ਘਟ ਕੀਤੇ ਜਾਣ ਨੂੰ ਲੈ ਕੇ ਵੀ ਸਹਿਮਤੀ ਪ੍ਰਗਟ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗਲਵਾਨ ਘਾਟੀ 'ਤੇ ਐਲਏਸੀ ਨੇੜੇ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਹੋ ਗਈ ਸੀ। ਜਿਸ ਵਿੱਚ ਭਾਰਤ ਦੇ ਕਰੀਬ 20 ਜਵਾਨ ਸ਼ਹੀਦ ਹੋ ਗਏ ਸਨ। ਉੱਥੇ ਹੀ ਚੀਨ ਦੇ ਵੀ ਕਈ ਫੌਜੀਆਂ ਦੀ ਮੌਤ ਅਤੇ ਕਈ ਜ਼ਖਮੀ ਹੋਏ ਸਨ।