ਮਹਿਜ਼ 21 ਸਾਲ ਦੀ ਉਮਰ ਵਿੱਚ ਜਦੋਂ ਆਪ ਲੰਡਨ ਵਿੱਚ ਕਾਨੂੰਨ ਦੀ ਪੜਾਈ ਕਰ ਰਹੇ ਸਨ, ਤਾਂ ਮਹਾਤਮਾ ਨੇ ਅੰਗਰੇਜ਼ੀ ਦੇ ਹਫ਼ਤਾਵਾਰਕ 'ਦਾ ਵੈਜੀਟੇਰੀਅਨ' ਵਿਚ ਸ਼ਾਕਾਹਾਰੀ ਭੋਜਨ ਬਾਰੇ 9 ਲੇਖ ਲਿਖੇ, ਜਿਨ੍ਹਾਂ ਵਿਚ ਉਨ੍ਹਾਂ ਖਾਣ ਦੀਆਂ ਭਾਰਤੀ ਆਦਤਾਂ, ਰਿਵਾਜ਼, ਧਾਰਮਿਕ ਤਿਉਹਾਰਾਂ ਦੌਰਾਨ ਖਾਧੇ ਜਾਂਦੇ ਪਦਾਰਥਾਂ ਬਾਰੇ ਵਿਸਥਾਰ ਵਿਚ ਲਿਖਿਆ। ਉਨ੍ਹਾਂ ਦੀਆਂ ਪਹਿਲੀਆਂ ਲਿਖਤਾਂ ਪੜ੍ਹਕੇ ਪਤਾ ਲੱਗਦਾ ਹੈ ਕਿ ਉਹ ਆਪਣੇ ਵਿਚਾਰ ਪ੍ਰਗਟ ਕਰਨ ਲਈ ਸਿੱਧੀ-ਸਾਦੀ ਭਾਸ਼ਾ ਦੀ ਹੀ ਵਰਤੋਂ ਕਰਦੇ ਸਨ। ਉਨ੍ਹਾਂ ਕਦੇ ਵੀ ਉਤਸੁਕਤਾ ਵਧਾ ਕੇ ਪੜ੍ਹਨ ਵਾਲਿਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਸੀ।
ਮਹਾਤਮਾ ਗਾਂਧੀ ਜੀ ਦੇ ਲੇਖ
ਮਹਾਤਮਾ ਗਾਂਧੀ ਦਾ ਸਿੱਧਾ ਨਿਸ਼ਾਨਾ ਪੜ੍ਹੇ ਲਿਖੇ ਲੋਕਾਂ ਨੂੰ ਸੱਚ ਤੇ ਸਿਰਫ਼ ਸੱਚ ਪਰੋਸਣਾ ਸੀ। ਦੱਖਣੀ ਅਫ਼ਰੀਕਾ ਪਹੁੰਚਣ ਦੇ ਮਹਿਜ਼ ਤਿੰਨ ਦਿਨਾਂ ਬਾਅਦ ਹੀ ਅਦਾਲਤ ਵਿਚ ਉਨ੍ਹਾਂ ਨੂੰ ਨਮੋਸ਼ੀ ਦੇ ਨਾਲ-ਨਾਲ ਬੇਇਜ਼ਤੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਇਸ ਘਟਨਾ ਨੂੰ ਕਲਮਬੱਧ ਕਰਕੇ ਇਕ ਸਥਾਨਕ ਪਰਚੇ ਵਿੱਚ ਛਪਵਾ ਦਿੱਤਾ, ਜਿਸ ਨਾਲ ਉਹ ਰਾਤੋਂ ਰਾਤ ਮਸ਼ਹੂਰ ਹੋ ਗਏ ਸਨ। ਇਸ ਗੱਲ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਉਨ੍ਹਾਂ ਸਮਿਆਂ ਵਿਚ ਇਸ ਤਰ੍ਹਾਂ ਦੀਆਂ ਕਲਮਾਂ ਨੂੰ ਵੀ ਅਖ਼ਬਾਰਾਂ ਵਿਚ ਥਾਂ ਦਿੱਤੀ ਜਾਂਦੀ ਰਹੀ ਹੈ। ਹਾਲਾਂਕਿ ਪ੍ਰੈੱਸ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਤੋਂ ਰੋਕਿਆ ਜਾਂਦਾ ਰਿਹਾ ਹੋਵੇਗਾ ਪਰ ਫਿਰ ਵੀ ਕੁਝ ਅਖ਼ਬਾਰ ਸੱਚ 'ਤੇ ਪਹਿਰਾ ਦੇਣ ਵਾਲੇ ਹਰ ਇਲਾਕੇ ਵਿਚ ਤੇ ਹਰ ਦੌਰ ਵਿਚ ਲੱਭ ਹੀ ਜਾਂਦੇ ਹਨ।
ਸਨ 1893 ਦੇ ਅਕਤੂਬਰ ਵਿਚ ਉਹ 24 ਸਾਲ ਦੇ ਹੋ ਗਏ, ਭਰ ਜਵਾਨੀ ਵਿਚ ਉਨ੍ਹਾਂ ਆਪਣੀਆਂ ਆਦਤਾਂ ਵਿਚ ਸੱਚ ਨੂੰ ਜਕੜ ਲਿਆ, ਆਪਣੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਦੌਰਾਨ ਉਨ੍ਹਾਂ ਭਾਰਤ ਸਮੇਤ ਦੱਖਣੀ ਅਫਰੀਕਾ ਦੇ ਵੱਡੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਚਿੱਠੀਆਂ ਲਿਖਣੀਆਂ ਜਾਰੀ ਰੱਖੀਆਂ ਸਨ। ਇਸ ਸਿਲਸਿਲੇ ਦੌਰਾਨ ਮਦਰਾਸ ਤੋਂ ਛੱਪਦੇ ਅਖ਼ਬਾਰ 'ਇੰਡੀਅਨ ਰਿਵੀਊ' ਦੇ ਸੰਪਾਦਕ ਜੀਵੀ ਨਾਟੇਸਾਨ ਨਾਲ ਗਾਂਧੀ ਦੀ ਨੇੜਤਾ ਵਧੀ ਜੋ ਉਮਰ ਭਰ ਦੀ ਪੱਕੀ ਦੋਸਤੀ ਹੋ ਨਿੱਬੜੀ।
ਜਿਉਂਦੇ ਪੱਤਰਕਾਰ ਦਾ ਅਹਿਸਾਸ
ਅਫਰੀਕਾ ਵਿਚ ਸਨ 1893 ਦੌਰਾਨ ਗਾਂਧੀ ਨੂੰ ਆਪਣੇ ਅੰਦਰ ਜਿਉਂਦੇ ਪੱਤਰਕਾਰ ਦਾ ਅਹਿਸਾਸ ਹੋਇਆ, ਜੋ ਭਾਰਤੀ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਸਕਦਾ ਸੀ। ਉਸ ਪੱਤਰਕਾਰ ਨੇ ਸੱਚ ਦੀਆਂ ਕੌੜੀਆਂ ਸੱਚਾਈਆਂ ਦਾ ਸਾਹਮਣਾ ਕੀਤਾ, ਔਕੜਾਂ ਝੱਲੀਆਂ ਤੇ ਲੋਕਾਂ ਦੇ ਮਸਲਿਆਂ ਨੂੰ ਆਪਣੀ ਕਲਮ ਦਾ ਸਾਥ ਦੇਣ ਦੇ ਨਾਲ-ਨਾਲ ਸਥਾਨਕ ਸਰਕਾਰਾਂ ਨੂੰ ਅਖਬਾਰਾਂ ਰਾਹੀਂ ਯਾਦ ਕਰਾਉਂਦੇ ਰਹੇ। ਉਨ੍ਹਾਂ ਬਹੁਤ ਘੱਟ ਉਮਰ ਵਿਚ ਇਕ ਦੇਸ਼ ਦੇ ਬਹੁ-ਜਨ ਦੇ ਖਿਲਾਫ਼ ਚੱਕ ਰਹੇ ਕਾਨੂੰਨ ਨੂੰ ਚੁਣੌਤੀ ਦੇਣ ਦੀ ਸਮਰੱਥਾ ਦਿਖਾਈ।
ਇਸ ਦੀ ਮਿਸਾਲ 25 ਅਕਤੂਬਰ, 1894 ਦੇ 'ਟਾਇਮਜ਼ ਆਫ ਨਾਟਲ' ਵਿਚ ਦੇਖਣ ਨੂੰ ਮਿਲਦੀ ਹੈ, ਜਿਸ ਵਿਚ ਅਨੌਖੀ ਸ਼ਬਦਾਵਲੀ ਨਾਲ ਭਰੀ ਚਿੱਠੀ, ਇਸ ਅਖ਼ਬਾਰ ਦੇ ਸੰਪਾਦਕੀ ਪੰਨੇ 'ਤੇ ਪੜ੍ਹਨ ਨੂੰ ਮਿਲੀ।
ਮਹਾਤਮਾ ਗਾਂਧੀ ਲਿਖਦੇ ਹਨ: "ਤੁਸੀਂ ਭਾਰਤ ਜਾਂ ਉਸ ਦੇ ਨਾਲ ਦੇ ਖਿੱਤੇ ਦੇ ਲੋਕਾਂ ਨੂੰ ਵੋਟ ਪਾਉਣ ਦੇ ਮੁੱਢਲੇ ਹੱਕ ਤੋਂ ਵਾਂਝਿਆਂ ਰੱਖਿਆ ਹੋਇਆ ਹੈ। ਜਦੋਂ ਤੱਕ ਕਿਸੇ ਗੋਰੀ ਚਮੜੀ ਵਾਲੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਆਪ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਜ਼ਹਿਰ ਖਾ ਰਿਹਾ ਹੈ ਜਾਂ ਅਮ੍ਰਿਤ ਪੀ ਰਿਹਾ ਹੈ।
ਤੁਹਾਡੇ ਲਈ ਫਾਰਸੀ ਦੀ ਲੱਛੇਦਾਰ ਲਫ਼ਜ਼ਾਂ ਦੀ ਮੁਆਫੀ ਜ਼ਿਆਦਾ ਮਾਇਨੇ ਰੱਖਦੀ ਹੈ, ਨਾ ਕਿ ਪਬਲੀਕਨ ਵੱਲੋਂ ਦਿਲੋਂ ਮੰਗੀ ਗਈ ਮੁਆਫੀ ਅਤੇ ਤੁਸੀਂ ਇਸੇ ਨੂੰ ਈਸਾਈ ਮੱਤ ਆਖਦੇ ਹੋ, ਆਖ ਸਕਦੇ ਹੋ, ਪਰ ਸਤਿਕਾਰਯੋਗ ਈਸਾਮਸੀਹ ਇਹ ਨਹੀਂ ਆਖਦੇ। ਜਨਾਬ ਕੀ ਮੈਂ ਤੁਹਾਨੂੰ ਇਕ ਮਸ਼ਵਰਾ ਦੇ ਸਕਦਾ ਹਾਂ?
ਕੀ ਤੁਸੀਂ ਆਪਣੇ ਨਵੇਂ ਟੈਸਟਾਮੈਂਟ ਨੂੰ ਦੁਬਾਰਾ ਪੜ੍ਹਣ ਦੀ ਖੇਚਲ ਕਰੋਗੇ? ਕੀ ਤੁਸੀਂ ਕਾਲਿਆਂ ਦੀ ਅਬਾਦੀ ਬਾਰੇ ਆਪਣੇ ਰਵੱਈਏ 'ਤੇ ਮੁੜ ਵਿਚਾਰ ਕਰ ਸਕਦੇ ਹੋ? ਕੀ ਤੁਸੀਂ ਉਸ ਤੋਂ ਬਾਅਦ ਇਹ ਆਖ ਸਕੋਗੇ ਕਿ ਸ਼ਵੇਤ ਭੀੜ ਨਾਲ ਤੁਸੀਂ ਬਾਈਬਲ ਦੇ ਆਦੇਸ਼ ਅਨੁਸਾਰ ਹੀ ਵਰਤਾਅ ਕਰ ਰਹੇ ਹੋ, ਜੋ ਕਿ ਬਰਤਾਨੀਆ ਦਾ ਵਿਰਸਾ ਵੀ ਹੈ, ਫੇਰ ਮੇਰੇ ਕੋਲ ਕਹਿਣ ਨੂੰ ਕੁਝ ਨਹੀਂ ਹੋਵੇਗਾ। ਮੈਂ ਖੁਸ਼ੀ-ਖੁਸ਼ੀ ਆਪਣੇ ਇਹ ਲਿਖੇ ਹੋਏ ਸ਼ਬਦ ਵਾਪਸ ਲੈ ਲਵਾਂਗਾ ਪਰ ਭਾਰਤ ਤੇ ਬਰਤਾਨੀਆ ਲਈ ਉਹ ਸੋਗਮਈ ਦਿਨ ਹੋਵੇਗਾ, ਜੇ ਤੁਹਾਡੇ ਇਸ ਵਰਤਾਰੇ ਦੀ ਮਾਨਤਾ ਜ਼ਿਆਦਾ ਲੋਕਾਂ ਵੱਲੋਂ ਮਿਲੇਗੀ।
ਗਾਂਧੀ ਦੀ ਅਹਿੰਸਾ ਵਾਦੀ ਸੋਚ
ਅਸੀਂ ਆਪਣੇ ਵਿਵੇਕ ਨਾਲ ਗਾਂਧੀ ਦੀ ਅਹਿੰਸਾ ਵਾਦੀ ਸੋਚ ਦੀ ਤਾਕਤ ਦਾ ਅੰਦਾਜ਼ਾ ਸਹਿਜੇ ਲਾ ਸਕਦੇ ਹਾਂ, ਜਦੋਂ ਅਸੀ ਦੇਖਦੇ ਹਾਂ ਕਿ ਗਾਂਧੀ ਦੀ ਸੋਚ ਨੇ ਨੈਲਸਨ ਮੰਡੇਲਾ ਵਰਗੇ ਵਿਅਕਤੀਤਵ ਨੂੰ ਆਪਣਾ ਹਿੱਸਾ ਬਣਾ ਲਿਆ ਸੀ। ਸਭ ਤੋਂ ਵਧੀਆ ਨਮੂਨਾ ਉਸ ਸਮੇਂ ਦੇਖਣ ਨੂੰ ਮਿਲਦਾ ਹੈ ਜਦੋਂ ਨੈਲਸਨ ਮੰਡੇਲਾ ਅੰਗਰੇਜ਼ੀ ਸਰਕਾਰ ਦੇ ਸਾਰੇ ਕਾਨੂੰਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ। ਦੱਖਣੀ ਅਫਰੀਕਾ ਨੇ ਨਸਲਵਾਦ ਤੋਂ ਬਾਅਦ ਦੇ ਸਾਲਾਂ ਵਿੱਚ ਗਾਂਧੀ ਦਾ ਕਦੇ ਸਤਿਕਾਰ ਨਹੀਂ ਕੀਤਾ, ਪਰ ਉਸ ਦੇ ਸੁਨੇਹੇ ਨੂੰ ਜਜ਼ਬ ਜ਼ਰੂਰ ਕਰ ਲਿਆ ਸੀ।
ਸਾਡੇ ਕੋਲ ਅਜੀਤ ਭੱਟਾਚਾਰੀਆ, ਸ੍ਰੀ ਮੂਲਗਾਂਉਂਕਰ, ਬੀਜੀ ਵਰਸ਼ੇਸ ਅਤੇ ਵੀਕੇ ਨਰਸਿੰਮਹਾ ਵਰਗੇ ਸੰਪਾਦਕ ਵੀ ਹਨ, ਜਿੰਨ੍ਹਾਂ ਤੋਂ ਅਸੀਂ ਸੱਚ 'ਤੇ ਪਹਿਰਾ ਦੇਣ ਦਾ ਸਬਕ ਲੈ ਸਕਦੇ ਹਾਂ। ਇਨ੍ਹਾਂ ਲੋਕਾਂ ਨੇ ਐਮਰਜੈਂਸੀ ਦੇ ਦਿਨਾਂ ਦੌਰਾਨ ਆਪਣੀ ਹਿੰਮਤ ਤੇ ਜਜ਼ਬੇ ਦਾ ਅਸਲ ਪ੍ਰਮਾਣ ਦਿੱਤਾ ਸੀ।
ਅੱਜ ਅਸੀਂ ਉਸ ਦੌਰ ਵਿਚੋਂ ਲੰਘ ਰਹੇ ਹਾਂ ਜਦੋਂ ਗਾਂਧੀਵਾਦੀ ਗੁਣਾਂ ਨੂੰ ਅਣਐਲਾਨੀ ਐਮਰਜੈਂਸੀ ਦਾ ਸਾਹਮਣਾ ਕਰਨ ਲਈ ਵਰਤਿਆ ਜਾ ਸਕਦਾ ਹੈ। ਮੌਜੂਦਾ ਪ੍ਰਬੰਧ ਮੀਡੀਆ ਦੀ ਪੜਤਾਲ ਲਈ ਆਪਣੀ ਨਾਪਸੰਦ ਨੂੰ ਅਪਨਾਉਣ ਦੀ ਹਿੰਮਤ ਨਹੀਂ ਦਰਸਾਉਂਦਾ। ਇਹ "ਪ੍ਰੈੱਸ ਦੀ ਆਜ਼ਾਦੀ" ਦੀ ਗੱਲ ਕਰਦਾ ਹੈ ਪਰ ਅਸਲ ਵਿੱਚ ਇਹ "ਪ੍ਰੈੱਸ ਤੋਂ ਅਜ਼ਾਦੀ" ਲਈ ਕੰਮ ਕਰਦਾ ਹੈ।
ਗਾਂਧੀ ਜੀ ਦੀਆਂ ਲਿਖਤਾਂ, ਨਾ ਸਿਰਫ ਇਕ ਰਾਜਨੇਤਾ ਵਜੋਂ, ਬਲਕਿ ਇਕ ਪੱਤਰਕਾਰ ਵਜੋਂ ਵੀ, 1903 ਤੋਂ ਲੈ ਕੇ 30 ਜਨਵਰੀ, 1948 ਨੂੰ ਉਸ ਦੀ ਹੱਤਿਆ ਤੱਕ 300 ਮਿਲੀਅਨ ਲੋਕਾਂ ਦੀਆਂ ਆਸ਼ਾਵਾਂ ਦਾ ਭਾਰ ਸਨ। ਪੱਤਰਕਾਰੀ ਵਿੱਚ ਗਾਂਧੀਵਾਦੀ ਦ੍ਰਿੜਤਾ ਲਈ ਇਹ ਅਸਲ ਪਰੀਖਣ ਦਾ ਵਕਤ ਹੈ। ਉਸ ਦੇ ਬੁੱਤ ਅੱਗੇ ਝੁਕਣ ਦੀ ਬਜਾਏ ਸਾਨੂੰ ਉਸ ਵਲੋਂ ਦਿੱਤੇ ਗਏ ਸੰਦੇਸ਼ਾਂ ਨੂੰ ਅਪਨਾਉਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਜਨਮ ਦੀ 150ਵੀਂ ਵਰੇਗੰਢ 'ਤੇ ਬਿਲਕੁਲ ਢੁੱਕਵੀਂ ਸ਼ਰਧਾਂਜਲੀ ਹੋਵੇਗੀ।
(NOTE: ਇਹ ਲੇਖਕ ਚੰਦਰਕਾਂਤ ਨਾਇਡੂ ਦੇ ਨਿੱਜੀ ਵਿਚਾਰ ਹਨ)