ਸਰਕਾਰ ਵੱਲੋਂ ਇੱਕ ਕੈਦੀ ਦੀ ਸਜ਼ਾ-ਏ-ਮੌਤ ਦੀ ਸਜਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਐਲਾਨ ਨੂੰ ਲੈ ਕੇ ਕੁੱਝ ਸਿੱਖ ਜੱਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਪਟਿਆਲਾ ਦੀ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਭਰ ਦੀਆਂ ਜੇਲ੍ਹਾਂ ਵਿਚੋਂ 8 ਸਿੱਖ ਕੈਦੀਆਂ ਨੂੰ ਰਿਹਾਅ ਅਤੇ ਇੱਕ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਐਲਾਨ ਕੀਤਾ ਹੈ।
ਸਰਕਾਰ ਵੱਲੋਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੇ ਨਾਂਅ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਪਰ ਸਰਕਾਰ ਕਿਸ ਕੈਦੀ ਨੂੰ ਸਜ਼ਾ-ਏ-ਮੌਤ ਤੋਂ ਰਾਹਤ ਦੇ ਰਹੀ ਹੈ ਇਹ ਸਪਸ਼ਟ ਨਹੀਂ ਹੈ। ਉੱਥੇ ਹੀ ਦੂਜੇ ਪਾਸੇ ਦਿੱਲੀ ਦੀਆਂ ਕੁਝ ਸਿੱਖ ਜਥੇਬੰਦੀਆਂ ਦਾ ਦਾਅਵਾ ਹੈ ਕਿ ਸਰਕਾਰ ਪਟਿਆਲਾ ਦੀ ਜੇਲ੍ਹ ’ਚ ਬੰਦ ਬੱਬਰ ਖ਼ਾਲਸਾ ਦੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ-ਏ-ਮੌਤ ਦੀ ਸਜਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਸਕਦੀ ਹੈ। ਦੱਸਦਈਏ ਕਿ 1995 ਵਿੱਚ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਦੋਸ਼ ਤਹਿਤ ਬਲਵੰਤ ਸਿੰਘ ਰਾਜੋਆਣਾ ਨੂੰ ਸਜ਼ਾ-ਏ-ਮੌਤ ਸੁਣਾਈ ਗਈ ਸੀ।
ਰਿਹਾਅ ਕੀਤੇ ਜਾਣ ਵਾਲੇ ਸਿੱਖ ਕੈਦੀਆਂ ਵਿੱਚ ਲੁਧਿਆਣਾ ਜੇਲ੍ਹ ਵਿੱਚ ਬੰਦ ਸੁਬੇਗ ਸਿੰਘ, ਨਾਭਾ ਜੇਲ੍ਹ 'ਚ ਕੈਦ ਲਾਲ ਸਿੰਘ, ਦਿਲਬਾਗ ਸਿੰਘ, ਸਰਨ ਸਿੰਘ, ਅੰਮ੍ਰਿਤਸਰ ਜੇਲ੍ਹ ਵਿੱਚ ਕੈਦ ਹਰਦੀਪ ਸਿੰਘ ਤੇ ਬਾਜ ਸਿੰਘ, ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਨੰਦ ਸਿੰਘ, ਕਰਨਾਟਕ ਦੀ ਇੱਕ ਜੇਲ੍ਹ ਵਿੱਚ ਬੰਦ ਗੁਰਦੀਪ ਸਿੰਘ ਖੇਰਵ ਤੇ ਉੱਤਰ ਪ੍ਰਦੇਸ਼ ਦੀ ਬਰੇਲੀ ਜੇਲ੍ਹ ਵਿੱਚ ਕੈਦ ਵਰਿਆਮ ਸਿੰਘ ਸ਼ਾਮਲ ਹਨ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਪ੍ਰਸਤਾਵਿਤ ਰਿਹਾਈਆਂ ਲਈ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਕੈਦੀਆਂ ਨੂੰ ਪੰਜਾਬ ਵਿੱਚ ਅੱਤਵਾਦ ਦੌਰਾਨ ਵੱਖ-ਵੱਖ ਅਦਾਲਤਾਂ ਨੇ ਸਜ਼ਾ ਸੁਣਾਈ ਸੀ। ਸਰਕਾਰ ਨੇ ਇਸ ਸਬੰਧ ਵਿੱਚ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੈਦੀਆਂ ਦੀ ਰਿਹਾਈ ਲਈ ਨਿਰਦੇਸ਼ ਭੇਜ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਹਾੜੇ ਦੇ ਮੱਦੇਨਜ਼ਰ ਦੇਸ਼ ਭਰ ਦੀਆਂ ਜੇਲ੍ਹਾਂ ਵਿੱਚ ਬੰਦ 1424 ਕੈਦੀਆਂ ਨੂੰ ਸਪੈਸ਼ਲ ਰਿਮਿਸ਼ਨ ਸਕੀਮ ਤਹਿਤ ਰਿਹਾਅ ਕੀਤਾ ਜਾ ਚੁੱਕਿਆ ਹੈ।