ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਫਰਵਰੀ 2020 ਤੱਕ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤਿੰਨ ਮਹੀਨਿਆਂ ਦੇ ਜੀਐਸਟੀ ਮੁਆਵਜ਼ੇ ਵਜੋਂ 36,400 ਕਰੋੜ ਰੁਪਏ ਜਾਰੀ ਕੀਤੇ ਹਨ।
ਅਪ੍ਰੈਲ ਤੋਂ ਨਵੰਬਰ 2019 ਦੀ ਮਿਆਦ ਦੇ ਲਈ, ਕੇਂਦਰ ਨੇ ਜੀਐਸਟੀ ਦੇ ਲਾਗੂ ਹੋਣ ਕਾਰਨ ਹੋਏ ਘਾਟੇ ਦੇ ਮੱਦੇਨਜ਼ਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਆਵਜ਼ਾ ਵਜੋਂ 1,15,096 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਸਨ।
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਵੀਡ-19 ਕਾਰਨ ਸੂਬਾ ਸਰਕਾਰਾਂ ਦੇ ਸਰੋਤ ਪ੍ਰਭਾਵਿਤ ਹੋਏ ਹਨ ਜਿਸ ਕਾਰਨ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਸੰਬਰ 2019 ਤੋਂ ਲੈ ਕੇ ਫਰਵਰੀ 2020 ਤੱਕ ਦਾ 36,400 ਕਰੋੜ ਰੁਪਏ ਦਾ ਜੀਐਸਟੀ ਮੁਆਵਜ਼ਾ ਜਾਰੀ ਕੀਤਾ ਹੈ।
ਕੇਂਦਰ ਨੇ 2018-19 ਵਿੱਚ 69,275 ਕਰੋੜ ਰੁਪਏ ਅਤੇ 2017-18 ਵਿੱਚ 41,146 ਕਰੋੜ ਰੁਪਏ ਜੀਐਸਟੀ ਦੇ ਮੁਆਵਜ਼ੇ ਵਜੋਂ ਜਾਰੀ ਕੀਤੇ ਸਨ ਜੋ ਕਿ 1 ਜੁਲਾਈ, 2017 ਨੂੰ ਲਾਗੂ ਕੀਤਾ ਗਿਆ ਸੀ।
ਜੀਐਸਟੀ ਕਾਨੂੰਨ ਦੇ ਤਹਿਤ ਰਾਜਾਂ ਨੂੰ 1 ਜੁਲਾਈ, 2017 ਤੋਂ ਜੀਐਸਟੀ ਲਾਗੂ ਹੋਣ ਦੇ ਪਹਿਲੇ ਪੰਜ ਸਾਲਾਂ ਵਿੱਚ ਕਿਸੇ ਵੀ ਮਾਲੀਏ ਦੇ ਨੁਕਸਾਨ ਲਈ ਭੁਗਤਾਨ ਕਰਨ ਦੀ ਗਰੰਟੀ ਦਿੱਤੀ ਗਈ ਸੀ।