ਨਵੀਂ ਦਿੱਲੀ: ਯੈੱਸ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਸੀਬੀਆਈ ਨੇ ਇੱਕ ਕਥਿਤ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ।
ਸੀਬੀਆਈ ਨੇ ਡੀਐਚਐਫਐਲ ਵੱਲੋਂ ਰਾਣਾ ਕਪੂਰ ਦੇ ਪਰਿਵਾਰ ਨੂੰ 600 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੇਣ ਦੇ ਮਾਮਲੇ ਸਬੰਧੀ ਸੋਮਵਾਰ ਨੂੰ 7 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਮਾਮਲੇ ਵਿੱਚ ਜਾਂਚ ਏਜੰਸੀ ਨੇ ਯੈੱਸ ਬੈਂਕ ਸਹਿ-ਸੰਸਥਾਪਕ ਰਾਣਾ ਕਪੂਰ ਦੀ ਪਤਨੀ ਬਿੰਦੂ ਤੇ ਬੇਟੀਆਂ ਰੌਸ਼ਨੀ, ਰਾਖੀ ਤੇ ਰਾਧਾ ਨੂੰ ਨਾਮਜ਼ਦ ਕੀਤਾ ਹੈ।
ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਰਾਣਾ ਕਪੂਰ ਨੇ ਡੀਐਚਐਫਐਲ ਦੇ ਡਾਇਰੈਕਟਰ ਤੇ ਪ੍ਰੋਮੋਟਰ ਕਪਿਲ ਵਾਧਵਾਨ ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ਤਹਿਤ ਯੈੱਸ ਬੈਂਕ ਵੱਲੋਂ ਡੀਐਚਐਫਐਲ ਨੂੰ ਦਿੱਤੇ ਕਰਜ਼ੇ ਦਾ ਲਾਭ ਰਾਣਾ ਕਪੂਰ ਦੀ ਬੇਟੀਆਂ ਦੀਆਂ ਕੰਪਨੀਆਂ ਨੂੰ ਪਹੁੰਚਾਇਆ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਲੁੱਕ ਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ ਰਾਣਾ ਕਪੂਰ ਦੀ ਬੇਟੀ ਰੌਸ਼ਨੀ ਕਪੂਰ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕ ਲਿਆ ਗਿਆ ਸੀ। ਰੌਸ਼ਨੀ ਲੰਡਨ ਲਈ ਰਵਾਨਾ ਹੋ ਰਹੀ ਸੀ। ਰਾਣਾ ਕਪੂਰ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਿਰੁੱਧ ਵੀ ਲੁੱਕ ਆਊਟ ਨੋਟਿਸ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ।