ਨਵੀਂ ਦਿੱਲੀ: ਦਿੱਲੀ ਦੇ ਜਾਫ਼ਰਾਬਾਦ ਖੇਤਰ ਵਿੱਚ ਪੱਥਰਾਅ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇੱਥੇ ਨਾਗਰਿਕਤਾ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੱਥਰਬਾਜ਼ੀ ਦੀ ਇਹ ਘਟਨਾ ਦਿੱਲੀ ਮੌਜਪੁਰ ਰੈਡ ਲਾਈਟ ਦੇ ਨੇੜੇ ਵਾਪਰੀ ਹੈ। ਘਟਨਾ ਮੈਟਰੋ ਸਟੇਸ਼ਨ ਦੇ ਬਿਲਕੁਲ ਹੇਠਾਂ ਦੀ ਹੈ।
ਨਿਉਜ਼ ਏਜੰਸੀ ਏਐੱਨਆਈ ਮੁਤਾਬਕ ਪੁਲਿਸ ਨੇ ਬਦਮਾਸ਼ਾਂ 'ਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ ਹਨ। ਜ਼ਾਫ਼ਰਾਬਾਦ ਦੇ ਨਾਲ ਲੱਗਦੇ ਮੌਜਪੁਰ 'ਚ ਦੋ ਸਮੂਹਾਂ ਨੇ ਇੱਕ ਦੂਜੇ 'ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਛੱਡ ਦਿੱਤੀ। ਜ਼ਾਫਰਾਬਾਦ ਮੈਟਰੋ ਸਟੇਸ਼ਨ ਦੇ ਨੇੜੇ ਸੈਂਕੜੇ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੀਲਮਪੁਰ, ਮੌਜਪੁਰ ਅਤੇ ਯਮੁਨਾ ਵਿਹਾਰ ਨੂੰ ਜੋੜਨ ਵਾਲੀ ਸੜਕ ਨੂੰ ਜਾਮ ਕਰ ਦਿੱਤਾ ਹੈ, ਜਿਸ ਤੋਂ ਬਾਅਦ ਤੋਂ ਹੀ ਇਲਾਕੇ 'ਚ ਤਣਾਅ ਦਾ ਮਾਹੌਲ ਹੈ।
ਸੀਏਏ ਵਿਰੁੱਧ ਰੋਸ ਪ੍ਰਦਰਸ਼ਨ ਐਤਵਾਰ ਨੂੰ ਵੀ ਜਾਰੀ ਰਿਹਾ, ਜਿਸ ਕਾਰਨ ਦਿੱਲੀ ਮੈਟਰੋ ਦੇ ਅਧਿਕਾਰੀਆਂ ਨੂੰ ਜ਼ਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰਨੇ ਪਏ। ਖੇਤਰ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ। ਦੱਸਿਆ ਜਾ ਰਿਹਾ ਹੈ ਕਿ ਸੀਏਏ ਦੇ ਕੁਝ ਸਮਰਥਕ ਉਥੇ ਪਹੁੰਚੇ ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਆਗੂ ਕਪਿਲ ਮਿਸ਼ਰਾ ਆਪਣੇ ਸਮਰਥਕਾਂ ਨਾਲ ਉਥੇ ਪਹੁੰਚੇ, ਜਿਸ ਤੋਂ ਬਾਅਦ ਇਹ ਹੰਗਾਮਾ ਹੋਇਆ।
ਨਮਸਤੇ ਟਰੰਪ: ਅਹਿਮਦਾਬਾਦ 'ਚ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ 'ਚ 12 ਹਜ਼ਾਰ ਜਵਾਨ ਤਾਇਨਾਤ
ਦੱਸਣਯੋਗ ਹੈ ਕਿ ਸੀ.ਏ.ਏ. ਦੇ ਵਿਰੁੱਧ ਰਾਤੋ-ਰਾਤ ਵਿਰੋਧ ਪ੍ਰਦਰਸ਼ਨ ਉੱਤਰ ਪੱਛਮੀ ਦਿੱਲੀ ਦੇ ਜ਼ਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟਾਂ ਦੇ ਬੰਦ ਹੋਣ ਕਾਰਨ ਐਤਵਾਰ ਨੂੰ ਵੀ ਜਾਰੀ ਰਿਹਾ। ਇਸ ਪ੍ਰਦਰਸ਼ਨ ਵਿੱਚ ਲਗਭਗ 500 ਲੋਕ ਸ਼ਾਮਲ ਹੋਏ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ। ਇਹ ਵਿਰੋਧ ਪ੍ਰਦਰਸ਼ਨ ਸ਼ਨੀਵਾਰ ਰਾਤ ਨੂੰ ਸ਼ੁਰੂ ਹੋਇਆ ਸੀ ਅਤੇ ਇਸ ਦੌਰਾਨ ਸੀਲਮਪੁਰ ਨੂੰ ਮੌਜਪੁਰ ਅਤੇ ਯਮੁਨਾ ਵਿਹਾਰ ਨੂੰ ਜੋੜਨ ਵਾਲੀ ਸੜਕ ਜਾਮ ਕੀਤੀ ਗਈ।
ਔਰਤਾਂ ਦੇ ਹੱਥਾਂ ਵਿੱਚ ਤਿਰੰਗਾ ਸੀ ਅਤੇ ਉਹ ‘ਅਜ਼ਾਦੀ’ ਦੇ ਨਾਅਰੇ ਲਗਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸੀਏਏ ਨੂੰ ਵਾਪਸ ਨਹੀਂ ਲੈਂਦਾ ਉਦੋਂ ਤੱਕ ਉਹ ਪਿੱਛੇ ਨਹੀਂ ਹਟੇਗੀ। ਮਹਿਲਾ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਸਮੇਤ ਖੇਤਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।