ਕਰਨਾਲ: ਕੌਮੀ ਹਾਈਵੇਅ 'ਤੇ ਹਰਿਆਣਾ ਰੋਡਵੇਜ਼ ਦੀ ਬੱਸ ਦੀ ਟੱਕਰ ਨਾਲ ਟਰੈਕਟਰ ਸਵਾਰ ਤਿੰਨ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਇਹ ਕਿਸਾਨ ਦਿੱਲੀ ਸਰਹੱਦ 'ਤੇ ਸੰਘਰਸ਼ ਵਿੱਚੋਂ ਪੰਜਾਬ ਜਾ ਰਹੇ ਸਨ। ਤਿੰਨ ਕਿਸਾਨਾਂ ਦੇ ਜ਼ਖ਼ਮੀ ਹੋਣ ਕਾਰਨ ਕਿਸਾਨਾਂ ਨੇ ਗੁੱਸੇ ਵਿੱਚ ਆ ਕੇ ਕੁੱਝ ਸਮੇਂ ਤੱਕ ਹਾਈਵੇਅ ਵੀ ਜਾਮ ਕਰ ਦਿੱਤਾ।
ਕਿਸਾਨ ਰਣਦੀਪ ਸਿੰਘ ਨੇ ਦੱਸਿਆ ਕਿ ਉਹ ਕੁੱਝ ਕਿਸਾਨ ਦਿੱਲੀ ਅੰਦੋਲਨ ਤੋਂ ਟਰੈਕਟਰ-ਟਰਾਲੀ ਰਾਹੀਂ ਪੰਜਾਬ ਪਰਤ ਰਹੇ ਸਨ। ਇਸ ਦੌਰਾਨ ਕਰਨਾਲ ਹਾਈਵੇਅ 'ਤੇ ਹਰਿਆਣਾ ਰੋਡਵੇਜ਼ ਅੰਬਾਲਾ ਵਿੱਚ ਠੇਕਾ ਆਧਾਰ 'ਤੇ ਚੱਲ ਰਹੀ ਇੱਕ ਬੱਸ ਨੇ ਟਰੈਕਟਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਟਰੈਕਟਰ ਟਰਾਲੀ ਦੂਜੀ ਸੜਕ 'ਤੇ ਜਾ ਕੇ ਪਲਟ ਗਈ ਅਤੇ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਹੋਰਨਾਂ ਕਿਸਾਨਾਂ ਨੇ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਟੱਕਰ ਮਾਰੇ ਜਾਣ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਨੁਕਸਾਨ ਦੇ ਮੁਆਵਜ਼ੇ ਨੂੰ ਲੈ ਕੇ ਮੌਕੇ 'ਤੇ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪੁੱਜ ਗਈ। ਉਪਰੰਤ ਪੁਲਿਸ ਅਧਿਕਾਰੀਆਂ ਦੇ ਸਮਝਾਉਣ ਉਪਰੰਤ ਕਿਸਾਨਾਂ ਨੇ ਜਾਮ ਖੋਲ੍ਹਿਆ।
ਹਾਲਾਂਕਿ ਮੰਗਲਵਾਰ ਕਰਨਾਲ ਵਿੱਚ ਹਾਦਸਿਆਂ ਨਾਲ ਭਰਿਆ ਦਿਨ ਰਿਹਾ। ਸਵੇਰੇ ਦਿੱਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਪਟਿਆਲਾ ਦੇ ਛਪੇੜਾ ਦੇ ਰਹਿਣ ਵਾਲੇ ਦੋ ਕਿਸਾਨਾਂ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਨੀਲਾਖੇੜੀ ਚੌਕੀ ਇੰਚਾਰਜ ਸਤਪਾਲ ਸਿੰਘ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜ ਗਈ। ਕਿਸਾਨਾਂ ਨੂੰ ਸਮਝਾਉਣ ਤੋਂ ਬਾਅਦ ਟਰੈਕਟਰ-ਟਰਾਲੀ ਦੇ ਨੁਕਸਾਨ ਦੇ ਮੁਆਵਜ਼ੇ ਦੀ ਗੱਲ ਉਪਰੰਤ ਕਿਸਾਨਾਂ ਨੇ ਜਾਮ ਨੂੰ ਖੋਲ੍ਹ ਦਿੱਤਾ।