ਜਲੰਧਰ: ਨਿਊਜ਼ੀਲੈਂਡ ਤੋਂ ਭਾਰਤ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਆਏ ਲੋਕ ਕੋਰੋਨਾ ਮਹਾਂਮਾਰੀ ਕਾਰਨ ਕੀਤੇ ਲੌਕਡਾਊਨ ਕਾਰਨ ਇਥੇ ਫਸ ਗਏ ਸਨ, ਸ਼ੁੱਕਰਵਾਰ ਨੂੰ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇਕੱਠੇ ਹੋਏ 25 ਲੋਕਾਂ ਨੇ ਨਿਊਜ਼ੀਲੈਂਡ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵਾਪਸ ਦੇਸ਼ ਬੁਲਾਇਆ ਜਾਵੇ ਨਹੀਂ ਤਾਂ ਅੰਬੈਸੀ ਅੱਗੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ।
ਇਥੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਉਹ ਲੌਕਡਾਊਨ ਤੋਂ ਪਹਿਲਾਂ ਭਾਰਤ ਆਏ ਸਨ ਪਰੰਤੂ ਲੌਕਡਾਊਨ ਲੱਗਣ ਤੋਂ ਬਾਅਦ ਨਿਊਜ਼ੀਲੈਂਡ ਵੱਲੋਂ ਕੁੱਝ ਘੰਟਿਆਂ ਬਾਅਦ ਹੀ ਸਰਹੱਦ ਬੰਦ ਕਰ ਦੇਣ ਕਾਰਨ ਉਹ ਮਾਰਚ ਮਹੀਨੇ ਤੋਂ ਇਥੇ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਤੋਂ ਭਾਰਤ 200 ਦੇ ਕਰੀਬ ਮੁੰਡੇ-ਕੁੜੀਆਂ ਹਨ, ਜੋ 8 ਮਹੀਨਿਆਂ ਤੋਂ ਨਿਊਜ਼ੀਲੈਂਡ ਸਰਕਾਰ ਕੋਲ ਦੇਸ਼ ਵਾਪਸੀ ਦੀ ਗੁਹਾਰ ਲਗਾ ਰਹੇ ਹਨ ਪਰ ਉਨ੍ਹਾਂ ਦੀ ਇੱਕ ਨਹੀਂ ਸੁਣੀ ਜਾ ਰਹੀ।
ਸ਼ੁੱਕਰਵਾਰ ਨੂੰ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਹ ਕੋਈ ਵਾਇਰਸ ਨਹੀਂ ਹਨ ਸਗੋਂ ਦੇਸ਼ ਵਾਪਸੀ ਉਨ੍ਹਾਂ ਦਾ ਕਾਨੂੰਨੀ ਹੱਕ ਹੈ। ਉਨ੍ਹਾਂ ਕਿਹਾ ਕਿ ਕਈ ਵਿਦਿਆਰਥੀ ਸਟੱਡੀ ਵੀਜ਼ੇ ਤੋਂ ਬਾਅਦ ਵਰਕ ਪਰਮਿਟ 'ਤੇ ਸਨ, ਜਿਨ੍ਹਾਂ ਨੇ ਲੋਨ ਵਗੈਰਾ ਵੀ ਲਏ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਦਸਤਾਵੇਜ਼ ਉਥੇ ਦੇਸ਼ ਵਿੱਚ ਹੀ ਰਹਿ ਗਏ ਹਨ, ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੈ।
ਉਨ੍ਹਾਂ ਨਿਊਜ਼ੀਲੈਂਡ ਸਰਕਾਰ ਨੂੰ ਛੇਤੀ ਵਾਪਸ ਦੇਸ਼ ਬੁਲਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਛੇਤੀ ਹੀ ਨਿਊਜ਼ੀਲੈਂਡ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਨਹੀਂ ਬੁਲਾਇਆ ਤਾਂ ਉਹ ਅਗਲੇ ਇੱਕ ਹਫ਼ਤੇ ਵਿੱਚ ਦਿੱਲੀ ਵਿਖੇ ਨਿਊਜ਼ੀਲੈਂਡ ਦੀ ਅੰਬੈਸੀ ਦੇ ਬਾਹਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਉਨ੍ਹਾਂ ਦੀ ਨਹੀਂ ਸੁਣਵਾਈ ਹੋਈ ਤਾਂ ਉਹ ਮੁੰਬਈ ਜਾ ਕੇ ਨਿਊਜ਼ੀਲੈਂਡ ਅੰਬੈਸੀ ਅੱਗੇ ਵੀ ਆਪਣਾ ਰੋਸ ਪ੍ਰਦਰਸ਼ਨ ਕਰਨਗੇ।