ਨਵੀਂ ਦਿੱਲੀ: ਉਤਰ-ਪੂਰਬੀ ਦਿੱਲੀ ਦੇ ਨੰਦਨਗਰੀ ਥਾਣਾ ਖੇਤਰ ਵਿੱਚ ਬਲਾਕ ਓ ਸੁੰਦਰ ਨਗਰੀ ਵਿੱਚ ਦਿਨ-ਦਿਹਾੜੇ ਭਾਜਪਾ ਆਗੂ ਅਤੇ ਉਸ ਦੇ ਮੁੰਡੇ ਦੇ ਕਤਲ ਨਾਲ ਖੇਤਰ ਵਿੱਚ ਸਨਸਨੀ ਫੈਲ ਗਈ ਹੈ, ਉਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਵਿੱਚ ਕਿਤੇ ਨਾ ਕਿਤੇ ਇਲਾਕੇ ਦੇ ਹੀ ਕੁੱਝ ਲੋਕਾਂ ਦਾ ਹੱਥ ਹੋ ਸਕਦਾ ਹੈ। ਪਰਿਵਾਰਕ ਮੈਂਬਰਾਂ ਨੇ ਮਾਮਲੇ ਵਿੱਚ ਇਨਸਾਫ਼ ਦੀ ਗੁਹਾਰ ਲਾਈ ਹੈ।
ਸਨਸਨੀਖੇਜ਼ ਘਟਨਾ ਨਾਲ ਖੇਤਰ 'ਚ ਦਹਿਸ਼ਤ
ਜਾਣਕਾਰੀ ਅਨੁਸਾਰ ਨੰਦਨਗਰੀ ਥਾਣਾ ਖੇਤਰ ਵਿੱਚ ਬਲਾਕ ਓ ਸਵੇਰੇ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉਠਿਆ। ਸੋਮਵਾਰ ਸਵੇਰੇ ਹਥਿਆਰਬੰਦ ਅਨਸਰਾਂ ਨੇ ਭਾਜਪਾ ਆਗੂ ਜੁਲਫ਼ੀਕਾਰ ਕੁਰੈਸ਼ੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਫ਼ਾਈਰਿੰਗ ਵਿੱਚ ਆਗੂ ਦਾ ਮੁੰਡਾ ਜਾਂਬਾਜ਼ ਕੁਰੈਸ਼ੀ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਫ਼ਦਰਗੰਜ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਵੀ ਮੌਤ ਹੋ ਗਈ। ਦਿਨ-ਦਿਹਾੜੇ ਪਿਉ-ਪੁੱਤ ਦੇ ਕਤਲ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿਥੇ ਲੋਕ ਇਸ ਪੂਰੀ ਘਟਨਾ ਵਿੱਚ ਇਸ ਗੱਲ ਨੂੰ ਮੰਨ ਰਹੇ ਹਨ ਕਿ ਮ੍ਰਿਤਕ ਜ਼ੁਲਫ਼ੀਕਾਰ ਲਗਾਤਾਰ ਗਲਤ ਕੰਮ ਕਰਨ ਵਾਲਿਆਂ, ਖ਼ਾਸ ਤੌਰ 'ਤੇ ਨਸ਼ੇ ਦੇ ਸੌਦਾਗਰਾਂ ਅਤੇ ਚੋਰੀ ਦੀਆਂ ਗੱਡੀਆਂ ਦਾ ਕੰਮ ਕਰਨ ਵਾਲਿਆਂ ਵਿਰੁੱਧ ਆਵਾਜ਼ ਚੁੱਕ ਰਿਹਾ ਸੀ। ਇਸ ਲਈ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਹੀ ਕਿਸੇ ਨੇ ਘਟਨਾ ਨੂੰ ਅੰਜਾਮ ਦਿੱਤਾ।
ਪਿਉ ਨੂੰ ਬਚਾਉਂਦੇ ਸਮੇਂ ਮੁੰਡਾ ਵੀ ਹੋਇਆ ਸੀ ਗੰਭੀਰ ਜ਼ਖ਼ਮੀ
ਸ਼ਰੇਆਮ ਦੋਹਰੇ ਕਤਲ ਦੀ ਘਟਨਾ ਨਾਲ ਪਰਿਵਾਰ ਅਤੇ ਜੁਲਫ਼ੀਕਾਰ ਦੀ ਪਤਨੀ ਅਤੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਜਾਂਦਾ ਹੈ ਕਿ ਘਟਨਾ ਸਮੇਂ ਜੁਲਫ਼ੀਕਾਰ ਘਰ ਤੋਂ ਕੁੱਝ ਕਦਮਾਂ ਦੀ ਦੂਰੀ 'ਤੇ ਮਦੀਨਾ ਮਸਜਿਦ ਵਿੱਚ ਨਮਾਜ਼ ਪੜ੍ਹਨ ਲਈ ਜਾ ਰਿਹਾ ਸੀ। ਉਦੋਂ ਮਸਜਿਦ ਦੇ ਦਰਵਾਜ਼ੇ 'ਤੇ ਹੀ ਹਮਲਾਵਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਫ਼ਾਈਰਿੰਗ ਦੌਰਾਨ ਪਿਉ ਨੂੰ ਬਚਾਉਂਦੇ ਸਮੇਂ ਉਸਦਾ ਮੁੰਡਾ ਜਾਂਬਾਜ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਸਫ਼ਦਰਗੰਜ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਉਥੇ ਮੌਤ ਹੋ ਗਈ।
ਮੁੰਡੇ ਨੇ ਦੱਸੇ ਹਮਲਾਵਰਾਂ ਦੇ ਨਾਂਅ
ਦੱਸਿਆ ਜਾਂਦਾ ਹੈ ਕਿ ਜਾਂਬਾਜ ਨੂੰ ਗੰਭੀਰ ਹਾਲਤ ਵਿੱਚ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੇ ਮੌਤ ਤੋਂ ਪਹਿਲਾਂ ਆਪਣੇ ਪਿਤਾ ਦੇ ਹਮਲਾਵਰਾਂ ਦੇ ਨਾਂਵਾਂ ਦਾ ਖੁਲਾਸਾ ਕੀਤਾ ਹੈ। ਇਸ ਬਿਆਨ ਤੋਂ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਗਈ।
ਪਿਤਾ ਤੋਂ ਬਾਅਦ ਮੁੰਡੇ ਜਾਂਬਾਜ ਦੀ ਮੌਤ ਦੀ ਖ਼ਬਰ ਜਿਵੇਂ ਹੀ ਘਰ ਪੁੱਜੀ ਤਾਂ ਮਾਤਮ ਪੱਸਰ ਗਿਆ। ਘਰ ਦੇ ਬਾਹਰ ਹੀ ਮ੍ਰਿਤਕ ਜੁਲਫ਼ੀਕਾਰ ਦੀ ਪਤਨੀ ਆਪਣੇ ਮੁੰਡਿਆਂ ਨਾਲ ਬੈਠੀ ਸੀ, ਜਿਥੇ ਉਸਦੇ ਰਿਸ਼ਤੇਦਾਰ ਅਤੇ ਗਲੀ ਮੁਹੱਲੇ ਦੀਆਂ ਔਰਤ ਉਸ ਨੂੰ ਹੌਸਲਾ ਦੇ ਰਹੀਆਂ ਸਨ।