ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਕੇਂਦਰ ਸ਼ਾਸਤ ਸੂਬਾ ਲਦਾਖ ਦੇ ਪ੍ਰਬੰਧਕੀ ਹੈਡਕੁਆਰਟਰ ਲੇਹ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਸਾਢੇ 11 ਹਜ਼ਾਰ ਫੁੱਟ ਉੱਚਾ ਇੱਕ ਦਫਤਰ ਖੋਲ੍ਹਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਵੀਰਵਾਰ ਨੂੰ ਇਸ ਦਫ਼ਤਰ ਦਾ ਉਦਘਾਟਨ ਕੀਤਾ।
ਇਹ ਦਫਤਰ ਸਾਰੀਆਂ ਸਹੂਲਤਾਂ ਨਾਲ ਲੈਸ ਹੈ ਅਤੇ ਇਸ ਵਿਚ ਸਮੂਹ ਸੰਚਾਰ ਦੇ ਸਾਰੇ ਸਾਧਨ ਹਨ। ਇਸ ਵਿੱਚ ਵੀਡੀਓ ਕਾਨਫਰੰਸਿੰਗ ਦੀ ਸਹੂਲਤ ਵੀ ਹੋਵੇਗੀ ਜਿਸ ਨਾਲ ਦਿੱਲੀ ਹੈਡਕੁਆਰਟਰ ਤੋਂ ਆਦੇਸ਼ ਅਤੇ ਨਿਰਦੇਸ਼ ਅਸਾਨੀ ਨਾਲ ਜਾਰੀ ਕੀਤੇ ਜਾ ਸਕਣ।
ਇੱਥੇ ਆਧੁਨਿਕ ਮੀਟਿੰਗ ਹਾਲ ਸਮੇਤ ਹੋਰ ਜ਼ਰੂਰੀ ਤਕਨੀਕੀ ਸਹੂਲਤਾਂ ਹਨ। ਦਿੱਲੀ ਤੋਂ ਪਹੁੰਚੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਨੇ ਪੂਜਾ ਕਰਨ ਤੋਂ ਬਾਅਦ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਲਦਾਖ ਦੇ ਸੰਸਦ ਮੈਂਬਰ ਜਮਯਾਂਗ ਸ਼ੇਰਿੰਗ ਨਾਮਗਿਆਲ ਅਤੇ ਹੋਰ ਆਗੂ ਮੌਜੂਦ ਰਹੇ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਬੀਤੀ 5 ਅਗਸਤ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖ-ਵੱਖ ਕੇਂਦਰ ਸ਼ਾਸਤ ਸੂਬੇ ਬਣਾਉਣ ਦਾ ਫੈਸਲਾ ਕੀਤਾ ਸੀ। ਸੰਸਦ ਵਿਚ ਵੀ ਮਤਾ ਪਾਸ ਹੋਇਆ ਸੀ। ਹਾਲ ਹੀ ਵਿੱਚ 31 ਅਕਤੂਬਰ ਨੂੰ ਇਸ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਲਦਾਖ ਅਧਿਕਾਰਤ ਤੌਰ ਉੱਤੇ ਕੇਂਦਰ ਸ਼ਾਸਤ ਸੂਬਾ ਬਣ ਗਿਆ ਹੈ।
ਇਸ ਸੂਬੇ ਵਿੱਚ ਸਿਰਫ ਦੋ ਜ਼ਿਲ੍ਹੇ ਹਨ, ਲੇਹ ਅਤੇ ਕਾਰਗਿਲ। ਸੂਬੇ ਦੀ ਕੁੱਲ ਆਬਾਦੀ 2,74,289 ਹੈ, ਜਿਸ ਵਿਚੋਂ ਲੇਹ ਦੀ ਆਬਾਦੀ 1,33,487 ਹੈ। ਇੱਥੇ 60% ਤੋਂ ਵੀ ਵੱਧ ਬੋਧੀ ਲੋਕ ਰਹਿੰਦੇ ਹਨ। ਲਦਾਖ ਦੀ ਲੋਕ ਸਭਾ ਸੀਟ ਭਾਜਪਾ ਦੇ ਕਬਜ਼ੇ ਵਿਚ ਹੈ। ਚੀਨ ਅਤੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਇਸ ਸੂਬੇ ਵਿੱਚ ਪਾਰਟੀ ਦਾ ਲੰਮੇ ਸਮੇਂ ਤੋਂ ਧਿਆਨ ਹੈ। ਭਾਜਪਾ ਦਾ ਮੰਨਣਾ ਹੈ ਕਿ ਲੇਹ ਵਰਗੀ ਚੁਣੌਤੀ ਵਾਲੀ ਥਾਂ ਉੱਤੇ ਇਕ ਆਧੁਨਿਕ ਦਫ਼ਤਰ ਖੋਲ੍ਹਣ ਨਾਲ ਪਾਰਟੀ ਵਰਕਰਾਂ ਨੂੰ ਸਹੂਲਤ ਮਿਲੇਗੀ।