ਨਵੀਂ ਦਿੱਲੀ: ਰਾਜਧਾਨੀ ਦੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੀਆਂ ਹਨ। ਇਸ ਦੌਰਾਨ ਦਿੱਲੀ ਪ੍ਰਚਾਰ ਕਰਨ ਪੁੱਜੇ 'ਆਪ' ਦੇ ਇਕਲੌਤੇ ਸਾਂਸਦ ਭਗਵੰਤ ਮਾਨ ਨੇ ਅਕਾਲੀ ਦਲ ਦੇ ਯੂ-ਟਰਨ ਬਾਰੇ ਕਿਹਾ ਕਿ ਇਹ ਅਕਾਲੀਆਂ ਦੀ ਵਜ਼ੀਰੀ ਬਚਾਉਣ ਦੀ ਆਖ਼ਰੀ ਕੋਸ਼ਿਸ਼ ਹੈ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਵਿਵਾਦਿਤ ਸੀਏਏ ਦੇ ਮੁੱਦੇ ‘ਤੇ ਦਿੱਲੀ ‘ਚ ਭਾਜਪਾ ਨਾਲ ਮਿਲ ਕੇ ਚੋਣਾਂ ਨਾ ਲੜਨ ਦੀ ਘੁਰਕੀ ਮਾਰਨ ਵਾਲੇ ਬਾਦਲਾਂ ਦਾ ਇਸ ਤਰਾਂ ਭਾਜਪਾ ਖ਼ਾਸ ਕਰ ਕੇ ਮੋਦੀ-ਅਮਿਤ ਸ਼ਾਹ ਦੇ ਪੈਰਾਂ ‘ਚ ਡਿਗਣਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਬਚਾਉਣ ਦੀ ਆਖ਼ਰੀ ਕੋਸ਼ਿਸ਼ ਹੈ, ਪਰ ਬਾਦਲ ਪਰਿਵਾਰ ਦੀ ਇਸ ਨਿੱਜੀ ਲਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਿੱਟੀ ‘ਚ ਰੋਲ ਦਿੱਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੀ ਡਗਮਗਾ ਰਹੀ ਕੁਰਸੀ ਨੂੰ ਬਚਾਉਣ ਲਈ ਬਾਦਲ ਪਰਿਵਾਰ ਆਪਣੀ ਨੈਤਿਕਤਾ ਦੇ ਨਾਲ-ਨਾਲ ਪਾਰਟੀ ਦੇ ਸਿਧਾਂਤਾਂ ਨੂੰ ਵੀ ਛਿੱਕੇ ਟੰਗ ਰਿਹਾ ਹੈ। ਭਗਵੰਤ ਮਾਨ ਨੇ ਪੁੱਛਿਆ ਕਿ ਕੀ ਸੁਖਬੀਰ ਸਿੰਘ ਬਾਦਲ ਜਾਂ ਪਰਕਾਸ਼ ਸਿੰਘ ਬਾਦਲ ਪੰਜਾਬ ਅਤੇ ਆਪਣੀ ਪਾਰਟੀ (ਅਕਾਲੀ ਦਲ) ਦੇ ਲੋਕਾਂ ਨੂੰ ਦੱਸ ਸਕਣਗੇ ਕਿ ਹਰਸਿਮਰਤ ਦੀ ਵਜ਼ੀਰੀ ਲਈ ਹੋਰ ਕਿੰਨੀ ਵਾਰ ਸਟੈਂਡ ਬਦਲਣਗੇ।
ਇਸ ਤੋਂ ਸਾਰੇ ਜਾਣੂ ਹੋ ਹੀ ਗਏ ਹਨ ਕਿ ਅਕਾਲੀ ਦਲ ਨੇ ਦਿੱਲੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਅਕਾਲੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਇਹ ਵੀ ਜ਼ਿਕਰ ਕਰ ਦਈਏ ਕਿ ਅਕਾਲੀਆਂ ਨੇ ਪਹਿਲਾਂ ਨਾਗਰਿਕਤਾ ਕਾਨੂੰਨ ਦਾ ਹਵਾਲਾ ਦਿੰਦਿਆਂ ਹੋਇਆ ਭਾਜਪਾ ਦਾ ਸਾਥ ਨਾ ਦੇਣ ਦਾ ਐਲਾਨ ਕੀਤਾ ਸੀ। ਪਰ ਇਸ ਤੋਂ ਬਾਅਦ ਅਕਾਲੀ ਦਲ ਨੇ ਆਪਣਾ ਸਟੈਂਡ ਬਦਲ ਦਿੱਤਾ ਅਤੇ ਭਾਜਪਾ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ। ਇਸ ਕਰਕੇ ਸਿਆਸੀ ਖੇਮੇ ਵਿੱਚ ਅਕਾਲੀਆਂ ਦੇ ਇਸ ਸਟੈਂਡ ਦੀ ਜਮ ਕੇ ਚਰਚਾ ਹੋ ਰਹੀ ਹੈ।