ਕਸ਼ਮੀਰ ਦੇ ਵਿਦਿਆਰਥੀਆਂ ਵੱਲੋਂ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਨੂੰ ਬੰਗਲਾਦੇਸ਼ ਦੀ ਸਰਹੱਦ ਰਾਹੀਂ ਭਾਰਤ ਵਾਪਸ ਆਉਣ ਦੀ ਅਪੀਲ ਕਰਨ ਵਾਲੇ ਵੀਡੀਓ ਸਾਹਮਣੇ ਆਉਣ ਦੇ ਕੁੱਝ ਘੰਟਿਆਂ ਬਾਅਦ, ਸੂਤਰਾਂ ਅਨੁਸਾਰ ਵਿਦਿਆਰਥੀਆਂ ਨੂੰ ਜਿੱਥੇ ਉਹ ਰਹਿ ਰਹੇ ਹਨ, ਉੱਥੇ ਹੀ ਰਹਿਣ ਦੀ ਸਲਾਹ ਦੇਣ ‘ਤੇ ਜੋਰ ਦਿੱਤਾ ਗਿਆ ਹੈ।
ਵਿਦੇਸ਼ ਸਕੱਤਰ ਹਰਸ਼ ਸ਼੍ਰੀਂਗਲਾ ਨੇ ਈ.ਟੀ.ਵੀ. ਭਾਰਤ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਇਹ ਭਰੋਸਾ ਦਿੱਤਾ ਕਿ “ਢਾਕਾ ਹਾਈ ਕਮਿਸਨ, ਬੰਗਲਾਦੇਸ਼ ਵਿੱਚ ਵਿਦਿਆਰਥੀਆਂ ਸਣੇ ਭਾਰਤੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਲੋੜੀਂਦੇ ਸਾਰੇ ਕਦਮ ਉਠਾ ਰਿਹਾ ਹੈ।”
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਸ਼ਮੀਰ ਦੇ ਤਕਰੀਬਨ 70 ਮੈਡੀਕਲ ਵਿਦਿਆਰਥੀਆਂ ਦੇ ਪੱਛਮੀ ਬੰਗਾਲ ਦੇ ‘ਨੋਰਥ 24 ਪਰਾਗਨਾਸ’ ਜਿਲੇ ਦੇ ਬੋਂਗਾਓਂ ਨੇੜੇ ਪੈਟ੍ਰਾਪੋਲ-ਬੇਨਾਪੋਲ ਇੰਡੋ-ਬੰਗਲਾਦੇਸ਼ ਸਰਹੱਦੀ ਜਾਂਚ ਚੌਕੀ 'ਤੇ ਫਸੇ ਹੋਣ ਬਾਰੇ ਵੀਡੀਓ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਰਹੇ ਸਨ।
ਵਾਇਰਲ ਵੀਡੀਓ
ਇੱਕ ਕਸ਼ਮੀਰੀ ਔਰਤ ਵੱਲੋਂ ਅਪੀਲ ਕੀਤੀ ਜਾ ਰਹੀ ਕਿ “ਅਸੀਂ ਐਮ.ਈ.ਏ. ਨੂੰ ਕਈ ਵਾਰ ਅਪੀਲ ਕੀਤੀ ਹੈ ਕਿ ਉਹ ਸਾਨੂੰ ਇਸ ਚੌਕੀ ਤੋਂ ਲੰਘਣ ਦੀ ਆਗਿਆ ਦੇਣ। ਅਸੀਂ ਕਿਸੇ ਤਰ੍ਹਾਂ ਵੀ ਇਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਇੱਥੇ ਬਹੁਤ ਲੋਕਾਂ ਦੀ ਭੀੜ ਹੈ ਅਤੇ ਅਸੀਂ ਇੱਥੇ ਰਹਿ ਕੇ ਆਪਣੇ ਆਪ ਨੂੰ ਜੋਖ਼ਮ ਵਿੱਚ ਪਾ ਰਹੇ ਹਾਂ। ਅਸੀਂ ਇੱਥੇ ਰਾਤ ਭਰ ਰਹਿਣ ਲਈ ਤਿਆਰ ਹਾਂ”।
ਇੱਕ ਹੋਰ ਨੌਜਵਾਨ ਲੜਕੇ ਨੇ ਅਪੀਲ ਕੀਤੀ ਕਿ “ਅਸੀਂ ਬੰਗਲਾਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਪੜ੍ਹ ਰਹੇ 70 ਕਸ਼ਮੀਰੀ ਵਿਦਿਆਰਥੀ ਹਾਂ। ਅਸੀਂ ਇਸ ਪੈਟ੍ਰਾਪੋਲ-ਬੇਨਾਪੋਲ ਬਾਰਡਰ ‘ਤੇ ਫਸ ਗਏ ਹਾਂ। ਅਸੀਂ ਇੱਥੇ ਪਹੁੰਚਣ ਲਈ 12-16 ਘੰਟੇ ਦੀ ਯਾਤਰਾ ਕੀਤੀ ਹੈ। ਸਾਡੇ ਕਾਲਜ ਅਤੇ ਹੋਸਟਲ ਬੰਦ ਕਰ ਦਿੱਤੇ ਗਏ ਹਨ ਅਤੇ ਸਾਨੂੰ ਆਪਣੇ ਹੋਸਟਲ ਖਾਲੀ ਕਰਕੇ ਆਪਣੇ ਘਰ ਜਾਣ ਲਈ ਕਿਹਾ ਗਿਆ ਹੈ। ਅਸੀਂ ਪਿਛਲੀ ਸ਼ਾਮ ਤੋਂ ਇਸ ਸਰਹੱਦ 'ਤੇ ਹਾਂ ਅਤੇ ਅਸੀਂ ਕੁੱਝ ਵੀ ਨਹੀਂ ਖਾਧਾ ਹੈ। ਅਸੀਂ ਉਦੋਂ ਤੱਕ ਇੱਥੇ ਬੈਠੇ ਰਹਾਂਗੇ ਜਦੋਂ ਤੱਕ ਕਿ ਸਾਨੂੰ ਪਾਰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ”।
ਭਾਰਤੀ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਦਿੱਤਾ ਭਰੋਸਾ
ਹਾਲਾਂਕਿ ਭਾਰਤੀ ਅਧਿਕਾਰੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬੰਗਲਾਦੇਸ਼, ਨੇਪਾਲ, ਪਾਕਿਸਤਾਨ ਅਤੇ ਭੂਟਾਨ ਸਮੇਤ ਗੁਆਂਢੀ ਦੇਸ਼ਾਂ ਦੇ ਨਾਲ ਜ਼ਮੀਨੀ ਰਸਮਾਂ ਦੀਆਂ ਤਾਲਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਕਾਰਨ ਇਸ ਸਰਹੱਦ ਤੋਂ ਪਾਰ ਇਸ ਸਮੇਂ ਕੋਈ ਵੀ ਨਿਕਾਸੀ ਨਹੀਂ ਹੋਵੇਗੀ। ਇੱਕ ਸਰਕਾਰੀ ਸੂਤਰ ਅਨੁਸਾਰ “ਦੂਜੇ ਦੇਸ਼ਾਂ ਤੋਂ ਭਾਰਤ ਅਤੇ ਭਾਰਤ ਦੇ ਅੰਦਰ ਆਵਾਜਾਈ ਵਿੱਚ ਪਾਬੰਦੀਆਂ ਬਾਰੇ ਹੁਕਮਾਂ ਦੇ ਮੱਦੇਨਜ਼ਰ ਸਰਹੱਦ ਪਾਰ ਕਰਨ ‘ਤੇ ਰੋਕ ਲਗਾਈ ਗਈ ਹੈ। ਇਸ ਲਈ ਵਿਦਿਆਰਥੀਆਂ ਨੂੰ ਆਪਣੀ ਸਿਹਤ ਅਤੇ ਸਮਾਜਿਕ ਹਿੱਤਾਂ ਲਈ ਆਪਣੇ ਹੋਸਟਲਾਂ ਵਿੱਚ ਵਾਪਸ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ”।
ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰਾ ‘ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਭਾਰਤੀ ਹਾਈ ਕਮਿਸ਼ਨ ਵੱਲੋਂ ਸਪੱਸ਼ਟ ਤੌਰ 'ਤੇ ਸਲਾਹ ਦਿੱਤੇ ਜਾਣ ਦੇ ਬਾਵਜੂਦ ਇਹ ਵਿਦਿਆਰਥੀ ਸੋਮਵਾਰ ਰਾਤ ਸਰਹੱਦੀ ਜੰਕਸ਼ਨ ਵੱਲ ਆਏ ਸਨ।
ਸਰਕਾਰੀ ਸੂਤਰ ਨੇ ਦੱਸਿਆ, 'ਇਹ ਪਤਾ ਲੱਗਿਆ ਹੈ ਕਿ ਕਾਲਜ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨ ਲਈ ਕਹੇ ਜਾਣ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਹੋਸਟਲ ਵਿੱਚ ਹੀ ਰੱਖਿਆ ਜਾਵੇਗਾ।
ਬੰਗਲਾਦੇਸ਼ 'ਚ ਫਸੇ 7000 ਭਾਰਤੀ ਵਿਦਿਆਰਥੀ
ਬੰਗਲਾਦੇਸ਼ ਵਿੱਚ ਲਗਭਗ 7000 ਭਾਰਤੀ ਵਿਦਿਆਰਥੀ ਹਨ। ਭਾਰਤ ਦੇ ਬੰਦ ਹੋ ਜਾਣ ਕਾਰਨ 24 ਮਾਰਚ 2020 ਦੀ ਅੱਧੀ ਰਾਤ ਤੋਂ ਘਰੇਲੂ ਉਡਾਣਾਂ ਦੇ ਕੰਮਕਾਜ ਨੂੰ ਵੀ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਯੂ.ਐਸ., ਨੀਦਰਲੈਂਡਜ਼, ਫਰਾਂਸ ਵਰਗੇ ਦੇਸ਼ਾਂ ਸਮੇਤ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਵੱਖ ਵੱਖ ਭਾਰਤੀਆਂ ਖਾਸ ਕਰਕੇ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਅਤੇ ਵੀਡਿਓ ਸਾਹਮਣੇ ਆ ਰਹੀਆਂ ਹਨ।
ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਵੱਖ-ਵੱਖ ਦੇਸ਼ਾਂ ਵੱਲੋਂ ਉਨ੍ਹਾਂ ਦੇ ਮੁਲਕ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਰਾਸ਼ਨ-ਪਾਣੀ ਖਰੀਦਣ ਦੇ ਪ੍ਰਬੰਧ ਕੀਤੇ ਗਏ ਹਨ। ਮਲੇਸ਼ੀਆ ਦੇ ਕੋਲਾ-ਲੰਪੁਰ ਹਵਾਈ ਅੱਡੇ ‘ਤੇ ਸਫਰ ਵਿੱਚ ‘ਤੇ ਫਸੇ ਹੋਏ ਲੋਕਾਂ ਨੂੰ ਭਾਰਤੀ ਮਿਸ਼ਨ ਦੁਆਰਾ ਕੁੱਝ ਖਾਣੇ ਦੇ ਪੈਕੇਟ ਸਪਲਾਈ ਕੀਤੇ ਗਏ ਸਨ। ਇਸ ਤੋਂ ਇਲਾਵਾ ਨਿਯੂ-ਯਾਰਕ ਵਰਗੇ ਸ਼ਹਿਰਾਂ ਵਿੱਚ ਫਸੇ ਭਾਰਤੀਆਂ ਲਈ ਗੁਰੂਦਵਾਰਿਆਂ ਰਾਹੀਂ ਜਾਂ ਸਥਾਨਕ ਹੋਟਲਾਂ ਨਾਲ ਸਮਝੋਤੇ ਰਾਹੀਂ ਰਿਆਇਤੀ ਦਰ੍ਹਾਂ ਤੇ ਅਸਥਾਈ ਰਿਹਾਇਸ਼ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਂਕਿ ਉਹ ਵਿਦੇਸ਼ਾਂ ਵਿੱਚ ਭਾਰਤੀ ਸਮਾਜ ਦੇ ਸੰਗਠਨਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ, ਪਰ ਜਿੱਥੇ ਸਥਿਤੀ ਇਟਲੀ ਜਾਂ ਈਰਾਨ ਜਿੰਨੀ ਗੰਭੀਰ ਅਤੇ ਚਿੰਤਾਜਨਕ ਹੈ, ਉਨ੍ਹਾਂ ਕੇਸਾਂ ਨੂੰ ਛੱਡ ਕੇ 31 ਮਾਰਚ ਤੱਕ ਹੋਰ ਕਿਤੇ ਕੋਈ ਨਿਕਾਸੀ ਨਹੀਂ ਕੀਤੀ ਜਾਵੇਗੀ।