ਬਹਾਦਰਗੜ੍ਹ : ਬਹਾਦਰਗੜ੍ਹ ਵਿੱਚ ਨਕਲੀ ਸਿੱਕੇ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫ਼ਾਸ਼ ਹੋਇਆ ਹੈ। ਫ਼ੈਕਟਰੀ ਵਿੱਚ 5 ਰੁਪਏ ਦੇ ਨਕਲੀ ਸਿੱਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਜਿੰਨ੍ਹਾਂ ਨੂੰ ਇੱਕ ਔਰਤ ਦੀ ਮਦਦ ਨਾਲ ਹੋਟਲ, ਟੋਲ ਅਤੇ ਦੂਸਰੀਆਂ ਥਾਵਾਂ 'ਤੇ ਸਪਲਾਈ ਕੀਤਾ ਜਾ ਰਿਹਾ ਸੀ। ਗਣਪਤੀ ਧਾਮ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਨਕਲੀ ਸਿੱਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ।
ਤੁਹਾਨੂੰ ਦੱਸ ਦਈਏ ਕਿ ਫ਼ਰੀਦਾਬਾਦ ਦੀ ਕ੍ਰਾਈਮ ਬ੍ਰਾਂਚ ਨੇ ਇਸ ਫ਼ੈਕਟਰੀ ਦਾ ਪਰਦਾਫ਼ਾਸ਼ ਕੀਤਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕੱਲ੍ਹ ਫ਼ਰੀਦਾਬਾਦ ਤੋਂ 3 ਪੁਰਸ਼ ਅਤੇ 1 ਔਰਤ ਨੂੰ ਢਾਈ ਲੱਖ ਨਕਲੀ ਸਿੱਕਿਆਂ ਦੇ ਨਾਲ ਇਨੋਵਾ ਕਾਰ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਦੋਸ਼ੀ ਫ਼ਰੀਦਾਬਾਦ ਵਿੱਚ ਸਿੱਕੇ ਸਪਲਾਈ ਕਰਨ ਲਈ ਗਏ ਹੋਏ ਸਨ।
ਪੜਤਾਲ ਦੌਰਾਨ ਪਾਇਆ ਗਿਆ ਕਿ ਦੋਸ਼ੀਆਂ ਵੱਲੋਂ ਹੁਣ ਤੱਕ ਲੱਖਾਂ ਰੁਪਏ ਦੇ ਸਿੱਕੇ ਬਾਜ਼ਾਰ ਵਿੱਚ ਭੇਜੇ ਜਾ ਚੁੱਕੇ ਹਨ। ਦੋਸ਼ੀਆਂ ਕੋਲੋਂ 2.5 ਲੱਖ ਸਿੱਕਿਆਂ ਦੇ ਨਾਲ-ਨਾਲ ਫ਼ੈਕਟਰੀ ਵਿੱਚ ਲੱਗੀਆਂ ਮਸ਼ੀਨਾਂ, ਪਲੇਟਾਂ ਵੀ ਬਰਾਮਦ ਕੀਤੀਆਂ ਹਨ।
ਜਦੋਂ ਇਸ ਸਬੰਧੀ ਡੀਐੱਸਪੀ ਅਜਾਇਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 4 ਦੋਸ਼ੀਆਂ ਨੂੰ ਫ਼ਰੀਦਾਬਾਦ ਕ੍ਰਾਈਮ ਬ੍ਰਾਂਚ ਦੀ ਪੁਲਿਸ ਬਹਾਦਰਗੜ੍ਹ ਲੈ ਕੇ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ।