ਗਰਿਆਬੰਦ: ਈਟੀਵੀ ਭਾਰਤ ਦੇਸ਼ 'ਚ ਲਗਾਤਾਰ ਘੱਟ ਰਹੇ ਪਾਣੀ ਦੇ ਪੱਧਰ ਅਤੇ ਪ੍ਰਦੂਸ਼ਤ ਹੋ ਰਹੀਆਂ ਨਦੀਆਂ ਦੇ ਮੁੱਦੇ 'ਤੇ "ਨਦੀਆ ਕਿਨਾਰੇ, ਕਿਸ ਦੇ ਸਹਾਰੇ" ਨਾਂਅ ਦੀ ਖ਼ਾਸ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਖ਼ਾਸ ਤੌਰ 'ਤੇ ਲੋਕਾਂ ਨੂੰ ਪਾਣੀ ਬਚਾਉਣ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਹੈ ਅਤੇ ਪਾਣੀ ਦੀ ਮਹੱਤਤਾ ਨੂੰ ਵੇਖਦੇ ਹੋਏ ਇਸ ਮੁਹਿੰਮ ਦੇ ਨਾਲ ਕਈ ਵੱਡੀਆਂ ਸ਼ਖਸੀਅਤਾਂ ਜੁੜ ਰਹੀਆਂ ਹਨ। ਇਸੇ ਵਿਚਕਾਰ ਮੁੰਬਈ ਦੇ ਭਾਭਾ ਪਰਮਾਣੂ ਅਨੁਸੰਸਾਧਨ ਕੇਂਦਰ ਦੇ ਵਿਗਿਆਨ ਸੰਤੋਸ਼ ਟਕਲੇ ਨੇ ਵੀ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ।
ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸੰਤੋਸ਼ ਟਕਲੇ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਡੇ ਦੇਸ਼ ਦੀਆਂ ਨਦੀਆਂ ਪ੍ਰਦੂਸ਼ਣ ਅਤੇ ਬਦਹਾਲੀ ਦੀ ਮਾਰ ਝੇਲ ਰਹੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਨਦੀਆਂ ਨੂੰ ਗੰਧਲਾ ਕਰਨ ਲਈ ਇੰਡਸਟਰੀਅਲ ਕੰਪਨੀਆਂ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜਦ ਨਦੀਆਂ ਬਚਣਗੀਆਂ ਤਾਂ ਹੀ ਇਨਸਾਨੀਅਤ ਬਚੇਗੀ। ਨਦੀਆਂ ਤੋਂ ਬਿਨ੍ਹਾਂ ਲੋਕਾਂ ਦੇ ਘਰਾਂ ਤੱਕ ਪਾਣੀ ਨਹੀਂ ਪਹੁੰਚ ਸਕਦਾ।
ਉਨ੍ਹਾਂ ਦੱਸਿਆ ਕਿ ਧਰਤੀ ਦੇ ਕੁੱਲ ਹਿੱਸੇ ਵਿੱਚ ਹੁਣ ਸਿਰਫ਼ 71 ਫੀਸਦੀ ਪਾਣੀ ਹੀ ਰਹਿ ਗਿਆ ਹੈ ਪਰ ਇਹ ਖ਼ਾਰਾ ਪਾਣੀ ਹੈ ਜਿਸ ਦੀ ਵਰਤੋਂ ਪੀਣ ਲਈ ਨਹੀਂ ਹੋ ਸਕਦੀ। ਮਿੱਠੇ ਪਾਣੀ ਦਾ ਵੱਡਾ ਹਿੱਸਾ ਪੋਲਰ ਰਿਜ਼ਨ ਦੇ ਆਈਸ ਬਰਗ ਵਿੱਚ ਲੁਕਿਆ ਹੋਇਆ ਹੈ ਅਤੇ ਇਨਸਾਨ ਇਸ ਦੀ ਵਰਤੋਂ ਨਹੀਂ ਕਰ ਸਕਦਾ। ਇਸ ਮਿੱਠੇ ਪਾਣੀ ਦਾ ਕੁਝ ਹਿੱਸਾ ਨਦੀਆਂ ਅਤੇ ਤਲਾਬਾਂ ਰਾਹੀਂ ਧਰਤੀ ਦੇ ਹੇਠਲੇ ਪੱਧਰ ਤੱਕ ਪਹੁੰਚਦਾ ਹੈ। ਇਸ ਲਈ ਸਾਨੂੰ ਆਪਣੇ ਦੇਸ਼ ਦੀਆਂ ਨਦੀਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।
ਨਦੀਆਂ ਨੂੰ ਬਚਾਉਣ ਲਈ ਹਰ ਇੱਕ ਵਿਅਕਤੀ ਨੂੰ ਨਿੱਜੀ ਤੌਰ 'ਤੇ ਕਦਮ ਚੁੱਕਣੇ ਪੈਣਗੇ। ਨਦੀਆਂ ਵਿੱਚ ਪਲਾਸਟਿਕ ਕਚਰਾ ਸੁੱਟਣ 'ਤੇ ਪਾਬੰਦੀ ਲਗਣੀ ਚਾਹੀਦੀ ਹੈ। ਇੰਡਸਟਰੀਅਲ ਵੇਸਟ ਦਾ ਸਹੀ ਨਿਪਟਾਰਾ ਕਰਨਾ ਜ਼ਰੂਰੀ ਹੈ ਅਤੇ ਸਰਕਾਰ ਨੂੰ ਕਾਗਜ਼ੀ ਕਾਰਵਾਈ ਦੇ ਬਜਾਏ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਲੋਕ ਜਾਗਰੂਕ ਨਹੀਂ ਹੋਣਗੇ ਤਾਂ ਭੱਵਿਖ 'ਚ ਲੋਕਾਂ ਨੂੰ ਪਾਣੀ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।