ਮੁੰਬਈ: ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਨਾਗਪਾੜਾ ਖੇਤਰ ਦੇ ਸਿਟੀ ਸੈਂਟਰ ਮਾਲ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਮਾਲ ਵਿਚ ਅੱਗ ਲੱਗਣ ਸਮੇਂ ਲਗਭਗ 500 ਲੋਕ ਮਾਲ ਵਿੱਚ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਬਾਹਰ ਕੱਢਿਆ ਗਿਆ। ਅੱਗ ‘ਤੇ ਅਜੇ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਅੱਗ 'ਤੇ ਕਾਬੂ ਪਾਉਣ ਲਈ 24 ਫਾਇਰ ਟੈਂਡਰ ਅਤੇ 6 ਪਾਣੀ ਦੀਆਂ ਟੈਂਕੀਆਂ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ ਦੋ ਫਾਇਰ ਕਰਮਚਾਰੀ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਹਸਪਤਲ ਤੋਂ ਛੁੱਟੀ ਦਿੱਤੀ ਗਈ।
ਅੱਗ ਦੀਆਂ ਲਪਟਾਂ ਦੂਰੋਂ ਵੇਖੀਆਂ ਜਾ ਸਕਦੀਆਂ ਸਨ। ਫ਼ਿਲਹਾਲ ਮਾਲ ਦੇ ਨੇੜਲੀਆਂ ਦੁਕਾਨਾਂ ਖਾਲੀ ਕਰ ਲਈਆਂ ਗਈਆਂ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਮਾਲ ਦੀ ਦੂਸਰੀ ਮੰਜ਼ਿਲ 'ਤੇ ਸਥਿਤ ਇਕ ਮੋਬਾਈਲ ਦੀ ਦੁਕਾਨ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਅਤੇ ਫਿਰ ਇਹ ਸਾਰੇ ਫਲੋਰ 'ਤੇ ਫੈਲ ਗਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਮਾਲ ਵਿੱਚ ਵੈਂਟੀਲੇਸ਼ਨ ਨਾ ਹੋਣ ਕਾਰਨ ਮਾਲ ਵਿੱਚ ਧੂੰਆਂ ਬਹੁਤ ਜ਼ਿਆਦਾ ਭਰਿਆ ਹੋਇਆ ਸੀ। ਇਸ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੇ ਮਾਲ ਦੇ ਸ਼ੀਸ਼ੇ ਤੋੜੇ ਦਿੱਤੇ ਤਾਂ ਜੋ ਧੂੰਆਂ ਬਾਹਰ ਆ ਸਕੇ। ਘਟਨਾ ਤੋਂ ਬਾਅਦ ਸਥਾਨਕ ਕਾਂਗਰਸੀ ਵਿਧਾਇਕ ਅਮੀਨ ਪਟੇਲ ਅਤੇ ਮੁੰਬਈ ਦੇ ਮੇਅਰ ਕਿਸ਼ੋਰ ਪੇਡਨੇਕਰ ਵੀ ਮੌਕੇ 'ਤੇ ਪਹੁੰਚ ਗਏ।