ਨਵੀਂ ਦਿੱਲੀ: ਕਾਂਗਰਸ ਨਾਲ ਗੱਠਜੋੜ ਲਈ ਆਮ ਆਦਮੀ ਪਾਰਟੀ ਦੀਆਂ ਕੋਸ਼ਿਸ਼ਾਂ ਕੰਮ ਆਉਂਦੀਆਂ ਵਿਖਾਈ ਦੇ ਰਹੀਆਂ ਹਨ। ਅਜਿਹੀ ਚਰਚਾ ਹੈ ਕਿ ਗੱਠਜੋੜ 'ਤੇ ਚਰਚਾ ਲਈ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਥਾਨਕ ਆਗੂਆਂ ਨਾਲ ਮੀਟਿੰਗ ਕਰਨ ਵਾਲੇ ਹਨ। ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੈਠਕ ਬੁਲਾਈ ਹੈ।
ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਸੂਬੇ ਦੇ ਸਥਾਨਕ ਆਗੂਆਂ ਨਾਲ ਬੈਠਕ 'ਚ ਗੱਠਜੋੜ ਦਾ ਫ਼ੈਸਲਾ ਲੈ ਸਕਦੇ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ-ਨਾਲ ਖ਼ੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਗੱਠਜੋੜ ਦੀ ਕੋਸ਼ਿਸ਼ ਕਰਨ ਦੀ ਗੱਲ ਮਨ ਚੁੱਕੇ ਹਨ।
ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਅਰਵਿੰਦ ਕੇਜਰੀਵਾਲ ਕਾਂਗਰਸ ਨਾਲ ਗੱਠਜੋੜ ਕਰਕੇ ਉਸ ਦੇ ਵੋਟ ਬੈਂਕ ਨੂੰ ਵਾਪਸ ਪਾਉਣ ਦੀ ਭਾਲ 'ਚ ਹੈ ਜਿਸ ਨੂੰ ਕਾਂਗਰਸ ਹੌਲੀ-ਹੌਲੀ ਆਪਣੇ ਕੋਲ ਵਾਪਸ ਖਿੱਚ ਰਹੀ ਹੈ। ਹਾਲਾਂਕਿ ਕਈ ਵਾਰ ਕੋਸ਼ਿਸ਼ਾਂ ਦੇ ਬਾਅਦ ਜਦੋਂ ਕਾਂਗਰਸ ਨਾਲ ਗੱਠਜੋੜ ਦੀ ਇਜਾਜ਼ਤ ਨਹੀਂ ਮਿਲੀ ਉਦੋਂ ਆਪ ਨੇ ਦਿੱਲੀ ਦੀਆਂ ਸੱਤਾਂ ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।
ਰਾਹੁਲ ਗਾਂਧੀ ਦੀ ਇਸ ਮੀਟਿੰਗ ਤੋਂ ਹੁਣ ਅਜਿਹਾ ਲੱਗ ਰਿਹਾ ਹੈ ਕਿ ਕਾਂਗਰਸ ਵੀ ਆਪ ਨਾਲ ਗੱਠਜੋੜ ਦਾ ਮਨ ਬਣਾ ਰਹੀ ਹੈ। ਹਾਲਾਂਕਿ ਸਥਾਨਕ ਪੱਧਰ 'ਤੇ ਸੀਨੀਅਰ ਆਗੂ ਆਪ ਨਾਲ ਗੱਠਜੋੜ ਦੇ ਵਿਰੁੱਧ ਹਨ।