ਲਖਨਊ: ਇਲਾਹਾਬਾਦ ਹਾਈ ਕੋਰਟ ਨੇ ਡਾ. ਕਫੀਲ ਖਾਨ ਨੂੰ ਤੁਰੰਤ ਰਿਹਾ ਕਰਨ ਦੇ ਆਦੇਸ਼ ਦਿੱਤੇ ਹਨ। ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਦੇ ਬੁਲਾਰੇ ਅਤੇ ਬਾਲ ਰੋਗ ਵਿਗਿਆਨੀ ਡਾ. ਕਫੀਲ ਖਾਨ ਨੂੰ CAA,NRC ਤੇ NPA ਦੇ ਵਿਰੋਧ ਦੌਰਾਨ ਅਲੀਗੜ੍ਹ ਯੂਨੀਵਰਸਿਟੀ 'ਚ 13 ਦਸੰਬਰ 2019 ਨੂੰ ਕਥਿਤ ਰੂਪ 'ਚ ਭੜਕਾਊ ਭਾਸ਼ਣ ਦੇਣ ਦੇ ਦੋਸ਼ 'ਚ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਕੋਰਟ ਨੇ NSA ਦੇ ਤਹਿਤ ਡਾ. ਕਫੀਲ ਨੂੰ ਹਿਰਾਸਤ 'ਚ ਲੈਣ ਤੇ ਹਿਰਾਸਤ ਦੀ ਮਿਆਦ ਵਧਾਏ ਜਾਣੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ।
ਇਲਾਹਾਬਾਦ ਹਾਈ ਕੋਰਟ ਨੇ ਆਦੇਸ਼ ਦਿੰਦਿਆਂ ਕਿਹਾ ਕਿ ਐਨਐਸਏ ਅਧੀਨ ਡਾ. ਕਫੀਲ ਨੂੰ ਹਿਰਾਸਤ ਵਿੱਚ ਲੈਣਾ ਅਤੇ ਨਜ਼ਰਬੰਦੀ ਦੀ ਮਿਆਦ ਵਧਾਉਣਾ ਗੈਰ ਕਾਨੂੰਨੀ ਹੈ। ਕਫੀਲ ਖ਼ਾਨ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਦੱਸ ਦਈਏ ਕਿ ਡਾ. ਕਫੀਲ ਪਿਛਲੇ 6 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹੈ। ਹਾਲ ਹੀ ਵਿੱਚ ਉਸ ਦੀ ਹਿਰਾਸਤ ਨੂੰ 3 ਮਹੀਨਿਆਂ ਲਈ ਵਧਾਇਆ ਗਿਆ ਸੀ। ਡਾ. ਕਫੀਲ ਨੇ ਜੇਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਰਿਹਾਈ ਦੀ ਮੰਗ ਤੇ ਕੋਵਿਡ 19 ਮਰੀਜ਼ਾ ਦੀ ਸੇਵਾ ਕਰਨ ਦੀ ਮੰਗ ਕੀਤੀ ਸੀ।