ਕਨੌਜ: ਲਖਨਊ ਤੋਂ ਸੈਫਈ ਜਾ ਰਹੇ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਠਠੀਆ ਨੇੜੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਰਕਰਾਂ ਨੂੰ ਪਾਰਟੀ ਨੂੰ ਮਜਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਯੂ.ਪੀ. ਵਿੱਚ ਬੇਹਾਲ ਕਾਨੂੰਨ-ਵਿਵਸਥਾ ਨੂੰ ਲੈ ਕੇ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਯੋਗੀ ਸਰਕਾਰ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ, ਜਦੋਂ ਤੋਂ ਯੋਗੀ ਸਰਕਾਰ ਸੂਬੇ ਦੀ ਸੱਤਾ ਵਿੱਚ ਆਈ ਹੈ, ਔਰਤਾਂ ਵਿਰੁੱਧ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਉੱਥੇ ਹੀ ਰਾਜ ਵਿੱਚ ਭਗਵਾਨ ਪਰਸ਼ੂਰਾਮ ਦੀ ਮੂਰਤੀ ਬਨਾਉਣ ਦੇ ਸਵਾਲ 'ਤੇ ਅਖਿਲੇਸ਼ ਨੇ ਕਿਹਾ ਕਿ ਵਿਸ਼ਨੂੰ ਦੇ ਸਾਰੇ ਅਵਤਾਰ ਸਾਡੇ ਭਗਵਾਨ ਹਨ।
ਭ੍ਰਿਸ਼ਟ ਹੋ ਗਈ ਹੈ ਯੂ.ਪੀ. ਪੁਲਿਸ
ਇਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਯੂ.ਪੀ. ਪੁਲਿਸ 'ਤੇ ਵੀ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਵਿੱਚ ਯੂ.ਪੀ. ਪੁਲਿਸ ਬਿਲਕੁਲ ਭ੍ਰਿਸ਼ਟ ਹੋ ਗਈ ਹੈ। ਪੁਲਿਸ ਲੋਕਾਂ ਦੇ ਪ੍ਰਤੀਨਿਧੀਆਂ ਨੂੰ ਕੁੱਟ ਰਹੀ ਹੈ ਅਤੇ ਪੀੜਤਾਂ ਦੀ ਗੁਹਾਰ ਨਹੀਂ ਸੁਣਦੀ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਖ਼ੁਦ ਕਹਿੰਦੇ ਹਨ ਕਿ ਠੋਕ ਦਿਓ ਤਾਂ ਪੁਲਿਸ ਅਤੇ ਲੋਕ ਕੀ ਸਮਝਣ ਕਿ ਕਿਸ ਨੂੰ ਠੋਕ ਦੇਈਏ, ਕਿਸੇ ਮੁੱਖ ਮੰਤਰੀ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਬਿਲਕੁਲ ਸਹੀ ਨਹੀਂ ਹੈ।
ਸੂਬੇ ਵਿੱਚ ਭਗਵਾਨ ਪਰਸ਼ੂਰਾਮ ਦੀ ਮੂਰਤੀ ਬਨਾਉਣ ਸਬੰਧੀ ਚੱਲ ਰਹੀ ਬਹਿਸ ਬਾਰੇ ਅਖਿਲੇਸ਼ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਸਾਡੇ ਹਨ, ਕ੍ਰਿਸ਼ਨ ਸਾਡੇ ਹਨ ਅਤੇ ਵਿਸ਼ਨੂੰ ਦੇ ਸਾਰੇ ਅਵਤਾਰ ਸਾਡੇ ਭਗਵਾਨ ਹਨ। ਨਵਰਾਤਿਆਂ ਵਿੱਚ ਦੇਵੀਆਂ ਦੀ ਪੂਜਾ ਹੁੰਦੀ ਹੈ। ਭਗਵਾਨ ਸਾਰਿਆਂ ਦੇ ਹਨ, ਇਸ ਵਿੱਚ ਭਾਜਪਾ ਵਾਲਿਆਂ ਨੂੰ ਕੀ ਤਕਲੀਫ ਹੈ।