ਰਾਂਚੀ: ਪਾਣੀ ਦੇ ਪ੍ਰਬੰਧਨ ਤੇ ਸੰਭਾਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਪ੍ਰਸ਼ੰਸਾ 'ਤੇ ਪਿੰਡ ਆਰਾ ਤੇ ਕੇਰਮ ਰੁਕੇ ਨਹੀਂ। ਓਰਮਾਂਝੀ ਬਲਾਕ ਦੇ ਇਨ੍ਹਾਂ ਪਿਛੜੇ ਪਿੰਡਾਂ ਨੇ ਪਲਾਸਟਿਕ ਮੁਕਤ ਹੋਣ ਦਾ ਬੀੜਾ ਚੁੱਕਿਆ ਹੈ। ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਸਥਿਤ, ਆਰਾ ਅਤੇ ਕੇਰਮ ਦੀ ਗ੍ਰਾਮ ਪੰਚਾਇਤ ਨੇ ਪਿੰਡ ਨੂੰ ਸਿੰਗਲ-ਯੂਜ਼ ਪਲਾਸਟਿਕ ਦੇ ਬੈਗਾਂ ਤੋਂ ਛੁਟਕਾਰਾ ਪਾਉਣ ਲਈ ਵਿਸ਼ਾਲ ਮੁਹਿੰਮ ਚਲਾਈ ਹੋਈ ਹੈ।
ਪੰਚਾਇਤ ਦੇ ਮੈਂਬਰ ਪਲਾਸਟਿਕ ਦੇ ਨੁਕਸਾਨਾਂ ਵਿਰੁੱਧ ਜਾਗਰੁਕ ਕਰਨ ਲਈ ਮੁਹਿੰਮ ਵੀ ਚਲਾ ਰਹੇ ਹਨ ਤੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਜੁਰਮਾਨਾ ਵੀ ਲਗਾ ਰਹੇ ਹਨ। ਪੰਚਾਇਤ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦਾ ਦੋਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਬਰਾਬਰ ਸਮਰਥਨ ਕੀਤਾ ਜਾ ਰਿਹਾ ਹੈ, ਤੇ ਜਦੋਂ ਵੀ ਉਹ ਖ਼ਰੀਦਦਾਰੀ ਲਈ ਜਾਂਦੇ ਹਨ ਤਾਂ ਉਹ ਕੱਪੜੇ ਦੀਆਂ ਥੈਲੀਆਂ ਲੈ ਕੇ ਜਾਂਦੇ ਹਨ।
ਪਿੰਡ ਦੇ ਇੱਕ ਹੋਰ ਵਸਨੀਕ ਬਾਬੂ ਰਾਮ ਗੋਪ ਨੇ ਪੰਚਾਇਤ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਈਟੀਵੀ ਭਾਰਤ ਨੂੰ ਪਲਾਸਟਿਕ ਦੇ ਕੂੜੇ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਇਨ੍ਹਾਂ ਪਿੰਡਾਂ ਵੱਲੋਂ ਪਲਾਸਟਿਕ ਮੁਕਤ ਹੋਣ ਦਾ ਟੀਚਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੀ ਮੁਹਿੰਮ ਤੋਂ ਕਾਫ਼ੀ ਪਹਿਲਾਂ ਮਿੱਥਿਆ ਗਿਆ ਸੀ। ਜਾਪ ਰਿਹਾ ਹੈ ਕਿ ਝਾਰਖੰਡ ਦੇ ਇਨ੍ਹਾਂ ਪਿੰਡਾਂ ਨੇ ਇਹ ਟੀਚਾ ਹਾਸਲ ਕਰ ਲਿਆ ਹੈ।