ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ ਦੇ ਸ਼ੁਰੂ ਵਿੱਚ, ਭਾਰਤ ਦੀ ਅਫਗਾਨਿਸਤਾਨ ਲਈ ਦਿੱਤੀ ਗਈ ਸਹਾਇਤਾ ਦਾ ਮਖੌਲ ਉਡਾਉਂਦਿਆਂ ਇਹ ਕਿਹਾ ਸੀ ਕਿ ਉਸ ਨੂੰ ਸਹਾਇਤਾ ਨਾ ਕਹਿ ਕੇ ਸਿਰਫ ਲਾਇਬ੍ਰੇਰੀ ਬਣਾਉਣਾ ਹੀ ਕਹਿੰਦੇ ਹਨ।
ਡੋਨਾਲਡ ਟਰੰਪ ਨੇ ਕਿਹਾ, "ਤੁਸੀਂ ਜਾਣਦੇ ਹੋ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਖਰਚ ਕਿੰਨਾ ਹੈ ? ਇਹ ਉੰਨਾ ਕੁ ਹੀ ਹੈ ਜਿੰਨਾ ਅਸੀਂ ਪੰਜ ਘੰਟਿਆਂ ਵਿੱਚ ਉੱਥੇ ਖਰਚ ਕਰ ਦਿੰਦੇ ਹਾਂ। ਹਾਲੇ ਸਾਡੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਾਨੂੰ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਲਾਇਬ੍ਰੇਰੀ ਬਣਾਉਣ ਲਈ ਤੁਹਾਡਾ ਧੰਨਵਾਦ। ਮੈਂ ਨਹੀਂ ਜਾਣਦਾ ਕਿ ਅਫਗਾਨਿਸਤਾਨ ਵਿੱਚ ਇਸਦੀ ਵਰਤੋਂ ਕੌਣ ਕਰ ਰਿਹਾ ਹੈ ਜਾਂ ਕਰੇਗਾ।"
ਟਰੰਪ ਦੀ ਇਸ ਟਿੱਪਣੀ ਦੇ ਵਿੱਚ ਜਿਸ ਚੀਜ਼ ਦਾ ਜ਼ਾਹਿਰਾ ਤੌਰ ਉੱਤੇ ਮਹਿਜ਼ ਇੱਕ ਲਾਇਬ੍ਰੇਰੀ ਆਖ ਮਜ਼ਾਕ ਉਡਾਇਆ ਜਾ ਰਿਹਾ ਸੀ ਉਹ ਅਫਗਾਨਿਸਤਾਨ ਵਿੱਚ ਬਣੀ ਨਵੀਂ ਪਾਰਲੀਆਮੈਂਟ ਬਿਲਡਿੰਗ ਸੀ ਜਿਸ ਨੂੰ ਕਿ ਭਾਰਤ ਦੀ ਮਦਦ ਦੇ ਨਾਲ ਉਸਾਰਿਆ ਗਿਆ ਸੀ ਅਤੇ ਜਿਸ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2015 ਵਿੱਚ ਕੀਤਾ ਸੀ।
ਉਨ੍ਹਾਂ ਇਹ ਟਿੱਪਣੀ ਜੰਗ ਤੋਂ ਪ੍ਰਭਾਵਤ ਅਫ਼ਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਆਪਣੇ ਫੈਸਲੇ ਨੂੰ ਸਪੱਸ਼ਟ ਕਰਨ ਲਈ ਸੱਦੀ ਗਈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀ ਸੀ। ਅਮਰੀਕਾ ਦੀ ਇਹ ਟਿੱਪਣੀ ਕੁਝ ਸਮੇਂ ਵਾਸਤੇ ਨਵੀਂ ਦਿੱਲੀ ਦੀ ਪਰੇਸ਼ਾਨੀ ਤੇ ਨਮੋਸ਼ੀ ਦਾ ਸਬੱਬ ਜ਼ਰੂਰ ਬਣੀ ਸੀ, ਪਰ ਫ਼ਿਰ ਭਾਰਤ ਨੇ ਅਤੇ 3 ਅਰਬ ਅਮਰੀਕੀ ਡਾਲਰ ਦੀ ਅਫ਼ਗਾਨਿਸਤਾਨ ਨੂੰ ਭਾਰਤੀ ਇਮਦਾਦ ਅਤੇ ਸਹਾਇਤਾ ਅਤੇ ਅਫਗਾਨਿਸਤਾਨ ਦੇ ਪੁਨਰ ਨਿਰਮਾਣ ਵਿਚ ਭਾਰਤੀ ਮਦਦ ਦੀ ਵਚਨਬੱਧਤਾ ਨੂੰ ਮੁੜ ਰੇਖਾਂਕਿਤ ਕੀਤਾ, ਅਤੇ ਨਾਲ ਹੀ ਇਹ ਇਸ਼ਾਰਾ ਕੀਤਾ ਕਿ ਅਮਰੀਕੀ ਜਾਂ ਪਾਕਿਸਤਾਨੀਆਂ ਦੀ ਤੁਲਨਾ ਵਿਚ ਸਥਾਨਕ ਅਫਗਾਨਾਂ ਦੇ ਵਿੱਚ ਭਾਰਤ ਅਤੇ ਭਾਰਤੀ ਬਹੁਤ ਜ਼ਿਆਦਾ ਹਰਮਨ ਪਿਆਰੇ ਹਨ ਅਤੇ ਅਫ਼ਗਾਨੀਆਂ ਵੱਲੋਂ ਇੱਕ ਵਿਸ਼ਵਾਸ ਦੀ ਨਜ਼ਰ ਨਾਲ ਦੇਖੇ ਜਾਂਦੇ ਹਨ।
ਉਨ੍ਹਾਂ ਨੇ ਜਦੋਂ ਅਹਿਮਦਾਬਾਦ ਦੇ ਮੋਟੇਰਾ ਵਿੱਚ ਖਚਾਖਚ ਭਰੇ ਹੋਏ ਦੁਨੀਆ ਦੇ ਸਭ ਤੋਂ ਨਵੇਂ-ਨਕੇਰ ਅਤੇ ਸਭ ਤੋਂ ਵੱਡਾਕਾਰ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਲੋਕਾਂ ਨੂੰ ਸੰਬੋਧਨ ਕੀਤਾ, ਤਾਂ ਟਰੰਪ ਨੇ ਦਹਿਸ਼ਤਵਾਦ ਦਾ ਮੁਕਾਬਲਾ ਕਰਨ ਦੀ ਗੱਲ ਤਾਂ ਯਕੀਨੀ ਤੌਰ ਉੱਤੇ ਕੀਤੀ ਪਰ ਪਾਕਿਸਤਾਨ ਦੇ ਖ਼ਿਲਾਫ਼ ਉਹਨਾਂ ਦੀਆਂ ਟਿੱਪਣੀਆਂ ਵਿੱਚ ਖਸੂਸੀ ਤੌਰ ਉੱਤੇ ਨਰਮੀ ਝਲਕ ਰਹੀ ਸੀ। ਅਮਰੀਕਾ ਅਤੇ ਭਾਰਤ ਅੱਤਵਾਦੀਆਂ ਨੂੰ ਰੋਕਣ ਲਈ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਵਿਰੁੱਧ ਲੜਨ ਲਈ ਆਪਸ ਵਿੱਚ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਨ।
ਇਸ ਕਾਰਨ, ਮੇਰੇ ਅਹੁਦਾ ਸੰਭਾਲਣ ਤੋਂ ਫ਼ੌਰੀ ਬਾਅਦ ਤੋਂ ਹੁਣ ਤੱਕ ਮੇਰਾ ਪ੍ਰਸ਼ਾਸਨ ਪਾਕਿਸਤਾਨ ਦੇ ਨਾਲ ਰਲ ਕੇ ਉਹਨਾਂ ਅੱਤਵਾਦੀ ਸੰਗਠਨਾਂ ਅਤੇ ਖਾੜਕੂਆਂ 'ਤੇ, ਜੋ ਪਾਕਿਸਤਾਨੀ ਸਰਹੱਦਾਂ ਉੱਤੇ ਸਰਗਰਮ ਹਨ, ਸ਼ਿਕੰਜਾ ਕੱਸਣ ਲਈ ਇੱਕ ਬਹੁਤ ਹੀ ਸਕਾਰਾਤਮਕ ਢੰਗ ਨਾਲ ਕੰਮ ਕਰ ਰਿਹਾ ਹੈ” ਇਹ ਗੱਲ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ #ਨਮਸਤੇਟਰੰਪ ਦੇ ਸ਼ਾਨਦਾਰ ਨਜ਼ਾਰਿਆਂ ਭਰੇ ਪ੍ਰੋਗਰਾਮ ਦੇ ਉਸ ਵੇਲੇ ਕਹੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਾਲ ਸਟੇਜ ਉੱਤੇ ਇੱਕ ਪਾਸੇ ਖੜੇ ਹੋਏ ਸਨ। ਜਿਵੇਂ ਕਿ ਭੂਤਪੂਰਵ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2010 ਅਤੇ 2015 ਵਿੱਚ ਕੀਤਾ ਸੀ। ਟਰੰਪ ਨੇ ਆਪਣੇ ਇਸ ਦੌਰੇ ਨੂੰ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਭਾਰਤ ਦਾ ਇਕੋਲਾਤਰਾ ਦੌਰਾ ਹੀ ਰੱਖਿਆ ਹੈ ਅਤੇ ਆਪਣੀ ਇਸ ਭਾਰਤ ਫ਼ੇਰੀ ਨੂੰ ਪਾਕਿਸਤਾਨ ਦੀ ਯਾਤਰਾ ਦੇ ਨਾਲ ਨਹੀਂ ਜੋੜਿਆ ਹੈ।
ਫ਼ਿਰ ਵੀ ਜਦੋਂ ਇਸ ਦੌਰੇ ਦੇ ਸਮੇਂ ਦੀ ਚੋਣ ਦੀ ਵਿਚਾਰ ਕਰਨ ਉਤੇ ਇਸ ਗੱਲ ਦੇ ਸਪੱਸ਼ਟ ਤੌਰ ਉੱਤੇ ਸੰਕੇਤ ਉਭਰ ਕੇ ਆਉਂਦੇ ਹਨ ਕਿ ਡੋਨਲਡ ਟਰੰਪ ਦੇ ਦਿਮਾਗ ਵਿੱਚ ਇਸ ਨੂੰ ਸਪੱਸ਼ਟ ਤੌਰ ਉੱਤੇ ਪਾਕਿਸਤਾਨ ਦੇ ਸਹਿਯੋਗ ਨਾਲ ਸਿਰੇ ਚੜ੍ਹਦੇ ਨਜ਼ਰ ਆਉਂਦੇ ਅਮਰੀਕਾ-ਤਾਲਿਬਾਨ ਦੇ 'ਸ਼ਾਂਤੀ ਸਮਝੌਤੇ' ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਦੇ ਪਾਕਿਸਤਾਨ ਦੀ ਮਦਦ ਨਾਲ ਜਲਦੀ ਹੀ ਅਮਲ ਵਿੱਚ ਆਉਣ ਦੇ ਇਮਕਾਨ ਹਨ।
ਡੋਨਲਡ ਟਰੰਪ ਨੇ ਕਿਹਾ, "ਪਾਕਿਸਤਾਨ ਨਾਲ ਸਾਡਾ ਰਿਸ਼ਤਾ ਬਹੁਤ ਵਧੀਆ ਹੈ। ਇਨ੍ਹਾਂ ਯਤਨਾਂ ਸਦਕਾ ਹੀ ਅਸੀਂ ਪਾਕਿਸਤਾਨ ਦੇ ਨਾਲ ਅੱਗੇ ਵਧਣ ਦੇ ਸੰਕੇਤ ਦੇਖਣੇ ਸ਼ੁਰੂ ਕਰ ਚੁੱਕੇ ਹਾਂ ਅਤੇ ਅਸੀਂ ਆਸਵੰਦ ਹਾਂ ਕਿ ਇਸ ਖਿੱਤੇ ਵਿੱਚ ਤਣਾਅ ਘਟਣਗੇ, ਸਥਿਰਤਾ ਵਿੱਚ ਸ਼ਦੀਦ ਵਾਧਾ ਹੋਵੇਗਾ, ਅਤੇ ਦੱਖਣੀ ਏਸ਼ੀਆ ਦੀਆਂ ਸਾਰੀਆਂ ਕੌਮਾਂ ਦਾ ਭਵਿੱਖ ਇੱਕਸੁਰਤਾ ਵਾਲਾ ਹੋਵੇਗਾ।"
ਡੋਨਾਲਡ ਟਰੰਪ ਅਫਗਾਨਿਸਤਾਨ ਨੂੰ ਲੈ ਕੇ ਸਮਝੌਤਾ ਚਾਹੁੰਦੇ ਹਨ। ਇਸ ਸਮਝੌਤੇ ਦਾ ਹੋਣਾ ਉਨ੍ਹਾਂ ਲਈ ਬਹੁਤ ਹੀ ਅਹਿਮ ਹੈ, ਕਿਉਂਕਿ ਇਹ ਉਨ੍ਹਾਂ ਦੇ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਦਾਅਵੇ ਲਈ ਬੇਹੱਦ ਮਹੱਤਵਪੂਰਨ ਹੈ। ਰਾਸ਼ਟਰਪਤੀ ਟਰੰਪ ਲਈ ਇਹ ਵੀ ਮਹੱਤਵਪੂਰਣ ਹੈ ਕਿ ਉਹ ਨਵੰਬਰ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕੀ ਸੈਨਿਕਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਲੈ ਆਉਣ ਕਿਉਂਕਿ ਇੰਝ ਕਰਕੇ ਉਹ ਆਪਣੇ ਵੱਲੋਂ ਪਿਛਲੀਆਂ ਰਾਸ਼ਟਰਪਤੀ ਚੋਣਾਂ ’ਚ ਕੀਤੇ ਪ੍ਰਮੁੱਖ ਚੋਣ ਵਾਅਦਿਆਂ ’ਚੋਂ ਇੱਕ ਨੂੰ ਪੂਰਾ ਕਰ ਪਾਉਣਗੇ, ਜੋ ਕਿ ਹਾਲੀਆ ਸਥਿਤੀ ਵਿੱਚ ਉਹਨਾਂ ਲਈ ਬੇਹਦ ਮਹੱਤਵਪੂਰਨ ਹੈ”
ਇਹ ਸਾਬਕਾ ਵਿਸ਼ੇਸ਼ ਸਕੱਤਰ ਰਾਅ (RAW) ਅਤੇ ਬੈਂਗਲੁਰੂ ਵਿਚ ਤੱਕਸ਼ਸ਼ੀਲਾ ਸੰਸਥਾ ਦੇ ਨਾਲ ਇੰਟੈਲੀਜੈਂਸ ਵਿਸ਼ਲੇਸ਼ਕ ਦਾ ਕੰਮ ਕਰਦੇ ਅਨੰਦ ਅਰਨੀ ਦਾ ਕਹਿਣਾ ਹੈ। ਇਹ ਇੱਕ ਬੇਹਦ ਮਹੱਤਵਪੂਰਨ ਸੌਦਾ ਹੈ ਅਤੇ ਇਸਨੇ ਬੜਾ ਉਤਰਾਅ-ਚੜ੍ਹਾਅ ਵੇਖਿਆ ਹੈ, ਜਿਵੇਂ ਕਿ ਜਿਸ ਟਰੰਪ ਨੇ ਜਨਵਰੀ 2018 ਵਿਚ ਪਾਕਿਸਤਾਨ ਨੂੰ ਧਮਕੀਆਂ ਦਿੱਤੀਆਂ ਸਨ, ਅਤੇ ਫ਼ਿਰ ਉਸੇ ਹੀ ਟਰੰਲ ਨੇ ਪਿਛਲੇ ਸਾਲ ਵ੍ਹਾਈਟ ਹਾਉਸ ਵਿੱਚ ਆਪਣੇ ਨਾਲ ਬੈਠੇ ਇਮਰਾਨ ਖਾਨ ਨੂੰ, ਅਤੇ ਇਸ ਸਾਲ ਦੇ ਸ਼ੁਰੂ ਵਿੱਚ ਡੈਵੋਸ ਵਿੱਚ ਵੀ, ਆਪਣਾ ਇੱਕ ‘ਚੰਗਾ ਦੋਸਤ’ ਕਿਹਾ ਸੀ।
ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸਬੰਧ ਹੁਣ ਬਹੁਤੇ ਲੈਣ ਦੇਣ ਵਾਲੇ ਹੀ ਹਨ। ਪਰ ਪਿਛਲੇ ਇੱਕ ਸਾਲ ਤੋਂ ਅਮਰੀਕਾ ਨੇ ਹੁਣ ਪਾਕਿਸਤਾਨ ’ਤੇ ਇਸ ਗੱਲ ਦਾ ਲਗਾਤਾਰ ਦਬਾਅ ਬਣਾ ਕੇ ਰੱਖਿਆ ਹੋਇਆ ਹੈ ਕਿ ਉਹ ਅਫ਼ਗਾਨ ਸਮਝੌਤੇ ਨੂੰ ਸਿਰੇ ਚਾੜਣ ਵਿੱਚ ਉਸਦੀ ਮਦਦ ਕਰੇ, ਅਤੇ ਸਪਸ਼ਟ ਤੌਰ ਉੱਤੇ ਇਸ ਸਮਝੌਤੇ ਨੂੰ ਸੰਭਵ ਬਣਾਉਣ ਵਿਚ ਇਸਲਾਮਾਬਾਦ ਦੀ ਅਹਿਮ ਭੂਮਿਕਾ ਰਹੀ ਹੈ। ਇਸ ਸ਼ਾਤੀ ਸਮਝੌਤੇ ਦੇ ਅਮਲ ਵਿੱਚ ਆਉਣ ਤੋਂ ਪਹਿਲਾਂ ਹਿੰਸਕ ਗਤੀਵਿਧੀਆਂ ਦੇ ਵਿੱਚ ਕਮੀਂ ਲੈ ਕੇ ਆਉਣ ਦੀ ਸ਼ਰਤ ਦੇ ਵਕਫ਼ੇ ਦੀ ਮਿਆਦ ਅਜੇ ਸਿਰਫ ਪਿਛਲੇ ਸ਼ਨੀਵਾਰ ਤੋਂ ਹੀ ਸ਼ੁਰੂ ਹੋਈ ਹੈ।
ਇਸ ਲਈ ਗੁਜਰਾਤ ਵਿਚ ਰਾਸ਼ਟਰਪਤੀ ਟਰੰਪ ਦੀਆਂ ਟਿਪਣੀਆਂ ਵਿੱਚ ਪਾਕਿਸਤਾਨ ਪ੍ਰਤੀ ਝਲਕਦੀ ਨਰਮੀਂ ਤੋਂ ਹੈਰਾਨ ਨਹੀਂ ਹੈ”ਕੈਰੀਅਰ ਸਫ਼ੀਰ ਅਤੇ ਪਾਕਿਸਤਾਨ ਵਿਚ ਸਾਬਕਾ ਹਾਈ ਕਮਿਸ਼ਨਰ ਸ਼ਰਤ ਸਭਰਵਾਲ ਨੇ ਕਿਹਾ। ਉਹ ਅੱਗੇ ਕਹਿੰਦੇ ਹਨ ਕਿ ਹਾਲਾਂਕਿ ਅਮਰੀਕਾ ਪਾਕਿਸਤਾਨ ਦੇ ਉੱਤੇ ਦਹਿਸ਼ਤ ਨੂੰ ਖ਼ਤਮ ਕਰਨ ਲਈ ਦਬਾਅ ਬਣਾਉਂਦਾ ਆ ਰਿਹਾ ਹੈ, ਪਰ ਜਦੋਂ ਤੱਕ ਉਹ ਅਫਗਾਨਿਸਤਾਨ ਵਿੱਚੋਂ ਆਪਣੀਆਂ ਸੈਨਾਵਾਂ ਦੀ ਸਕੁਸ਼ਲ ਵਾਪਸੀ ਲਈ ਇਸਲਾਮਾਬਾਦ 'ਤੇ ਨਿਰਭਰ ਹੈ, ਉਹ ਪਾਕਿਸਤਾਨ ਨਾਲ ਜ਼ਿਆਦਾ ਸਖਤੀ ਨਹੀਂ ਵਰਤਣਗੇ।
ਇਸੇ ਦੌਰਾਨ, ਇਸ ਪ੍ਰਸਤਾਵਿਤ ਸ਼ਾਂਤੀ ਸਮਝੌਤੇ ਦੇ ਮੱਦੇਨਜ਼ਰ, ਅਮਰੀਕੀ ਫੌਜਾਂ ਦੀ ਅਫ਼ਗਾਨੀਸਤਾਨ ਤੋਂ ਵਾਪਸੀ ਤੋਂ ਬਾਅਦ ਭਾਰਤ ਦੇ ਮਨ ਵਿੱਚ ਪਾਕਿਸਤਾਨ ਦੀ ਭੂਮਿਕਾ ਬਾਰੇ ਤੌਖਲੇ ਬਣੇ ਹੋਏ ਹਨ ਕਿ ਕਿਤੇ ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਤ ਲਸ਼ਕਰ-ਏ-ਤੋਇਬਾ ਸਣੇ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਕਈ ਸਾਰੇ ਅੱਤਵਾਦੀ ਗੁੱਟ ਆਪਣੇ ਸਿਖਲਾਈ ਕੈਂਪਾਂ ਨੂੰ ਅਫਗਾਨਿਸਤਾਨ ਦੇ ਸਰਹੱਦੀ ਖੇਤਰਾਂ ਵਿੱਚ ਸਥਾਪਤ ਨਾ ਕਰ ਲੈਣ ਅਤੇ ਇਹਨਾਂ ਦਹਿਸ਼ਤਗਰਦਾਂ ਨੂੰ ਫ਼ਿਰ ਕਸ਼ਮੀਰ ਦੇ ਵਿੱਚ ਧੱਕਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਇਸ ਅਫ਼ਗਾਨ ਸ਼ਾਂਤੀ ਸਮਝੌਤੇ ਸਬੰਧੀ ਆਪਣੀਆਂ ਤਮਾਮ ਚਿੰਤਾਵਾਂ ਅਤੇ ਤੌਖਲਿਆਂ ਨੂੰ ਟਰੰਪ ਦੇ ਕੋਲ ਦਿੱਲੀ ਵਿੱਚ ਹੋਣ ਜਾ ਰਹੀ ਇੱਕ ਰਸਮੀ ਵਾਰਤਾ ਦੇ ਵਿੱਚ ਉਠਾਏਗਾ, ਤੇ ਇਹ ਉਸ ਵੇਲੇ ਵਾਪਰ ਰਿਹਾ ਹੋਵੇਗਾ ਜਦੋਂ ਕਿ ਅਸ਼ਰਫ ਗਨੀ ਨੂੰ ਅਫ਼ਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਵਜੋਂ ਐਲਾਨ ਕਰਨ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਅੰਤਮ ਨਤੀਜਿਆਂ ਨੂੰ ਕਾਬੁਲ ਵਿਚ ਅਬਦੁੱਲਾ ਅਬਦੁੱਲਾ ਦੁਆਰਾ ਚੁਣੌਤੀ ਦਿੱਤੀ ਜਾ ਰਹੀ ਹੈ।
ਇਹ ਇੱਤ ਹੋਰ ਵੱਡੀ ਚਿੰਤਾ ਦਾ ਸਬੱਬ ਬਣ ਗਿਆ ਹੈ ਕਿ ਕਿਤੇ ਇਹ ਅੰਦਰੂਨੀ ਰਾਜਨੀਤਿਕ ਵਿਵਾਦ ਤਾਲਿਬਾਨ ਨਾਲ ਸ਼ਕਤੀ ਸਾਂਝੇ ਕਰਨ ਦੀ ਅੰਤਰ-ਅਫਗਾਨ ਗੱਲਬਾਤ ਨੂੰ ਹੋਰ ਖ਼ਤਰੇ ਵਿੱਚ ਤਾਂ ਨਹੀਂ ਪਾ ਦੇਵੇਗਾ। ਇਸ ਦੌਰਾਨ ਨਵੀਂ ਦਿੱਲੀ ਨੂੰ ਇਹ ਵੀ ਯਕੀਨੀ ਬਣਾਉਣਾ ਪਏਗਾ ਕਿ ਕਿਧਰੇ ਡੋਨਲਡ ਟਰੰਪ ਇਸਲਾਮਾਬਾਦ ਨੂੰ ਖੁਸ਼ ਕਰਨ ਲਈ ਨੇੜਲੇ ਭਵਿੱਖ ਵਿੱਚ ਦੁਬਾਰਾ ਕਸ਼ਮੀਰ ‘ਤੇ ਵਿਚੋਲਗੀ ਕਰਨ ਦੀ ਪੇਸ਼ਕਸ਼ ਤਾਂ ਨਹੀਂ ਕਰਦਾ ਹੈ, ਭਾਵੇਂ ਅਜਿਹੀਆਂ ਪੇਸ਼ਕਸ਼ਾਂ ਨੂੰ ਭਾਰਤ ਨੇ ਸਮੇਂ-ਸਮੇਂ ਉੱਤੇ ਖਾਰਜ ਕੀਤੈ ਹੈ ਅਤੇ ਕਸ਼ਮੀਰ ਮਸਲੇ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਦੁਵੱਲਾ ਮੁੱਦਾ ਦੱਸਿਆ ਹੈ।
ਸਮਿਤਾ ਸ਼ਰਮਾ