ਨਵੀਂ ਦਿੱਲੀ: ਦੇਸ਼ ਅੱਜ 73ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ ਤੇ ਭਾਰਤ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅੱਤਵਾਦ ਖਿਲਾਫ ਮਜ਼ਬੂਤੀ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਨਿਰਯਾਤ ਕਰਨ ਵਾਲਿਆਂ ਦਾ ਅਸਲੀ ਚਹਿਰਾ ਸਾਹਮਣੇ ਲੈ ਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਮਾਹੌਲ ਬਣਾਉਣ ਵਾਲਿਆਂ ਨੂੰ ਨੇਸਤਾਨਾਬੂਦ ਕਰ ਦੇਵਾਂਗੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅੱਤਵਾਦ ਦਾ ਸਮਰਥਣ ਕਰਨ ਵਾਲਿਆਂ ਖਿਲਾਫ ਮਜ਼ਬੂਤੀ ਨਾਲ ਲੜੇਗਾ।
ਜੋ 70 ਸਾਲਾਂ 'ਚ ਨਹੀਂ ਹੋਇਆ ਉਹ 70 ਦਿਨਾਂ 'ਚ ਕੀਤਾ
ਜੰਮੂ-ਕਸ਼ਮੀਰ 'ਚੋਂ ਧਾਰਾ 370 ਦੇ ਕਈ ਪ੍ਰੋਵਿਜ਼ਨ ਖ਼ਤਮ ਕੀਤੇ ਜਾਣ ਤੇ ਸੂਬੇ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡੇ ਜਾਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਨਵੀਂ ਸਰਕਾਰ ਬਣਨ ਦੇ 70 ਦਿਨਾਂ ਦੇ ਅੰਦਰ ਸੰਸਦ ਦੇ ਦੋਵੇਂ ਸਦਨਾਂ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਅਤੇ 35-ਏ ਨੂੰ ਹਟਾਉਣ ਦਾ ਇਤਿਹਾਸਕ ਫੈਸਲਾ ਲਿਆ। ਦੇਸ਼ਵਾਸੀਆਂ ਨੇ ਜੋ ਕੰਮ ਦਿੱਤਾ ਹੈ, ਅਸੀਂ ਉਸਨੂੰ ਪੂਰਾ ਕਰ ਰਹੇ ਹਾਂ।
ਧਾਰਾ 370 ਦਾ ਸਮਰਥਨ ਕਰਨ ਵਾਲਿਆਂ ਤੋਂ ਮੁਲਕ ਸਵਾਲ ਕਰ ਰਿਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਧਾਰਾ 370 ਦਾ ਸਮਰਥਨ ਕਰ ਰਹੇ ਹਨ, ਦੇਸ਼ ਉਨ੍ਹਾਂ ਤੋਂ ਪੁੱਛ ਰਿਹਾ ਹੈ ਕਿ ਜੇਕਰ ਧਾਰਾ 370 ਇੰਨੀ ਹੀ ਮਹਤਵਪੂਰਨ ਸੀ ਤਾਂ ਸਮੇਂ ਦੀਆਂ ਬਹੁਮਤ ਵਾਲੀਆਂ ਸਰਕਾਰਾਂ ਨੇ ਉਸਨੂੰ ਸਥਾਈ ਕਿਉਂ ਨਹੀਂ ਕੀਤਾ? ਅਸਥਾਈ ਕਿਉਂ ਬਣਾਈ ਰੱਖਿਆ?
'ਵਨ ਨੇਸ਼ਨ ਵਨ ਕਾਨਸਟੀਟਿਉਸ਼ਨ' ਦੇ ਸੁਪਨੇ ਨੂੰ ਕੀਤਾ ਸਾਕਾਰ
ਨਰਿੰਦਰ ਮੋਦੀ ਨੇ ਕਿਹਾ ਕਿ ਜਿਵੇਂ GST ਰਾਹੀਂ 'ਵਨ ਨੇਸ਼ਨ ਵਨ ਟੈਕਸ' ਲਾਗੂ ਕੀਤਾ ਸੀ, ਉਸੇ ਤਰ੍ਹਾਂ ਧਾਰਾ 370 ਤੇ 35-ਏ ਨੂੰ ਹਟਾ ਕੇ 'ਵਨ ਨੇਸ਼ਨ ਵਨ ਕਾਨਸਟੀਟਿਉਸ਼ਨ' ਦੇ ਸੁਪਨੇ ਨੂੰ ਸਾਕਾਰ ਕੀਤਾ ਹੈ ਤੇ ਹੁਣ ਅਗਲੀ ਵਾਰੀ 'ਵਨ ਨੇਸ਼ਨ ਵਨ ਇਲੈਕਸ਼ਨ' ਦੀ ਹੈ।
ਫੌਜ ਨੂੰ ਲੈ ਕੇ ਵੱਡਾ ਐਲਾਨ, ਚੀਫ ਆਫ਼ ਡਿਫੈਂਸ ਸਟਾਫ਼ ਬਣਾਇਆ ਜਾਵੇਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫੌਜ ਦੇ ਤਿੰਨੋ ਅੰਗਾਂ 'ਚ ਬਹਿਤਰ ਤਾਲਮੇਲ ਬਣਾਉਣ ਲਈ ਚੀਫ ਆਫ਼ ਡਿਫੈਂਸ ਸਟਾਫ਼ (CDS) ਬਣਾਇਆ ਜਾਵੇਗਾ। ਤਿੰਨੋ ਫੌਜਾਂ ਹੁਣ CDS ਦੇ ਹੇਠਾਂ ਆਉਣਗੀਆਂ। ਦਰਅਸਲ ਕਾਰਗਿਲ ਯੁੱਧ ਤੋਂ ਬਾਅਦ ਦੇਸ਼ ਦੀ ਸੁਰੱਖਿਆ ਵਿਵਸਥਾ 'ਚ ਖਾਮਿਆ ਦਾ ਪਤਾ ਲਗਾਉਣ ਲਈ ਬਣਾਈ ਗਈ ਕਮੇਟੀ ਨੇ Chief Of Defence Staff ਬਣਾਉਣ ਦੀ ਪੈਰਵੀ ਕੀਤੀ ਸੀ।
ਵੱਧ ਰਹੀ ਆਬਾਦੀ ਵੱਡੀ ਚਿੰਤਾ: ਮੋਦੀ
ਪ੍ਰਧਾਨ ਮੰਤਰੀ ਨੇ ਦੇਸ਼ 'ਚ ਵੱਧਦੀ ਆਬਾਦੀ ਨੂੰ ਕੰਟਰੋਲ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਆਬਾਦੀ ਸਿਖਿਅਤ ਹੋਵੇ ਤਾਂ ਮੁਲਕ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ, ਛੋਟਾ ਪਰਿਵਾਰ ਰੱਖਣ ਵਾਲੇ ਦੇਸ਼ਭਕਤੀ ਦਰਸਾਉਂਦੇ ਹਨ।
'ਜਲ ਜੀਵਨ ਮਿਸ਼ਨ' ਯੋਜਨਾ ਦਾ ਐਲਾਨ, 3.5 ਲੱਖ ਕਰੋੜ ਦੀ ਯੋਜਨਾ
ਦੇਸ਼ 'ਚ ਪਾਣੀ ਦੀ ਸਮੱਸਿਆ ਬਾਰੇ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਘਰ 'ਚ ਜਲ ਪੰਹੁਚਾਉਣ ਦਾ ਕੰਮ ਕਰਨਾ ਹੈ। ਇਸਦੇ ਲਈ 3.5 ਲੱਖ ਕਰੋੜ ਤੋਂ ਵੱਧ ਰਕਮ ਵਾਲੀ 'ਜਲ ਜੀਵਨ ਮਿਸ਼ਨ' ਯੋਜਨਾ ਦਾ ਐਲਾਨ ਕੀਤਾ।
ਸਤੀ ਪ੍ਰਥਾ ਨੂੰ ਕੀਤਾ ਖ਼ਤਮ ਤਾਂ ਟ੍ਰਿਪਲ ਤਲਾਕ ਨੂੰ ਕਿਉਂ ਨਹੀਂ
ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਅਸੀ ਸਤੀ ਪ੍ਰਥਾ ਤੇ ਦਾਜ ਦੀ ਕੁਰੀਤਿ ਨੂੰ ਖ਼ਤਮ ਕਰ ਚੁੱਕੇ ਹਾਂ ਤਾਂ ਟ੍ਰਿਪਲ ਤਲਾਕ ਨੂੰ ਕਿਉਂ ਨਾ ਖਤਮ ਕੀਤਾ ਜਾਵੇ? ਟ੍ਰਿਪਲ ਤਲਾਕ ਨੂੰ ਖਤਮ ਕਰਕੇ ਅਸੀਂ ਮੁਸਲਿਮ ਭੈਣਾਂ ਦੀ ਜ਼ਿੰਦਗੀ ਨੂੰ ਬਹਿਤਰ ਬਣਾਇਆ ਹੈ।