ਨਾਲੰਦਾ: ਰਾਜਗੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਗੁਰੂ ਨਾਨਕ ਸ਼ੀਤਲ ਕੁੰਡ ਵਿੱਚ ਅਖੰਡ ਪਾਠ ਨਾਲ ਕੀਤੀ ਗਈ। ਇਹ ਅਖੰਡ ਪਾਠ 48 ਘੰਟੇ ਤੱਕ ਲਗਾਤਾਰ ਚੱਲੇਗਾ।
ਇਸ ਪ੍ਰਕਾਸ਼ ਪੁਰਬ ਵਿੱਚ ਗੁਰੂ ਜੀ ਦੀ ਬਾਣੀ ਅਤੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਰਾਜਗੀਰ ਦੀਆਂ ਪੰਜ ਪਹਾੜੀਆਂ ਗੂੰਜ ਉੱਠੀਆਂ। ਇਸ ਮੌਕੇ ਦੇਸ਼-ਵਿਦੇਸ਼ ਤੋਂ ਸਿੱਖ ਸ਼ਰਧਾਲੂ ਰਾਜਗੀਰ ਪੁੱਜੇ ਹਨ।
ਗੁਰੂ ਨਾਨਕ ਦੇਵ ਜੀ ਨੇ ਚਾਰ ਧਾਰਮਿਕ ਯਾਤਰਾਵਾਂ ਕੀਤੀਆਂ ਸਨ ਜਿਸ ਵਿੱਚ ਪਹਿਲੀ ਯਾਤਰਾ ਪੂਰਬ ਦੀ ਸੀ। ਇਸ ਯਾਤਰਾ ਦੌਰਾਨ ਉਹ 1506 ਇਸਵੀ ਵਿੱਚ ਬਿਹਾਰ ਦੀ ਪਵਿੱਤਰ ਧਰਤੀ ਉੱਤੇ ਪੁੱਜੇ। ਇਸ ਦੌਰਾਨ ਉਨ੍ਹਾਂ ਰਾਜਗੀਰ, ਗਯਾ, ਪਟਨਾ, ਮੁੰਗੇਰ, ਰਜੌਲੀ ਦੀ ਯਾਤਰਾ ਕੀਤੀ। ਰਾਜਗੀਰ ਵਿੱਚ ਉਨ੍ਹਾਂ ਆਪਣੇ ਚਰਨ ਰੱਖੇ ਜਿੱਥੇ ਗਰਮ ਪਾਣੀ ਠੰਢਾ ਹੋ ਗਿਆ ਜਿਸ ਨੂੰ ਅੱਜ ਸ਼ੀਤਲ ਕੁੰਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।