ਸਿਰਸਾ: ਸਿਰਸਾ ਦੀ ਅਨਾਜ ਮੰਡੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਚਿੱਲਾ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ, ਜਿਸ 'ਚ ਸੈਂਕੜੇ ਸ਼ਰਧਾਲੂਆਂ ਨੇ ਹਿੱਸਾ ਲਿਆ। ਸ਼ਹਿਰਵਾਸੀਆਂ ਨੇ ਥਾਂ-ਥਾਂ 'ਤੇ ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ।
ਇਸ ਸਮਾਗਮ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਿਰਕਤ ਕੀਤੀ। ਖੱਟਰ ਨੇ ਇਸ ਸਮਾਗਮ 'ਚ ਗੁਰੂ ਜੀ ਨਾਲ ਸਬੰਧਿਤ ਕਿਤਾਬਾਂ ਦੀ ਘੁੰਢ ਚੁਕਾਈ ਵੀ ਕੀਤੀ। ਪ੍ਰੋਗਰਾਮ 'ਚ ਗੁਰਬਾਣੀ ਕੀਰਤਨ ਵੀ ਕੀਤਾ ਜਾ ਰਿਹਾ ਹੈ ਜਿਸ ਨੂੰ ਸਰਵਣ ਕਰਕੇ ਸੰਗਤ ਨਿਹਾਲ ਹੋ ਰਹੀ ਹੈ।
ਸਮਾਗਮ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਪ੍ਰਦਰਸ਼ਨੀ ਨੂੰ ਅਲੌਕਿਕ ਢੰਗ ਨਾਲ ਸਜਾਇਆ ਗਿਆ ਹੈ। ਇਸ ਪ੍ਰਦਰਸ਼ਨੀ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਚਰਿੱਤਰ ਤੇ ਸਿੱਖਿਆਵਾਂ ਨੂੰ ਦਰਸਾਇਆ ਗਿਆ ਹੈ। ਪ੍ਰਦਰਸ਼ਨੀ ਨੂੰ ਵੇਖਣ ਲਈ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਪੰਹੁਚ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਇਲਾਵਾ ਸੂਬੇ ਦੇ ਕਈ ਹੋਰ ਵੱਡੇ ਆਗੂ ਵੀ ਸਮਾਗਮ 'ਚ ਸ਼ਾਮਲ ਹੋਏ।