ਸ੍ਰੀਨਗਰ: ਐਤਵਾਰ ਨੂੰ 4G ਮੋਬਾਇਲ ਇੰਟਰਨੈਟ ਸੇਵਾਵਾਂ ਇੱਕ ਟ੍ਰਾਇਲ ਦੇ ਅਧਾਰ 'ਤੇ ਜੰਮੂ ਕਸ਼ਮੀਰ ਦੇ ਦੋ ਜ਼ਿਲ੍ਹਿਆਂ- ਜੰਮੂ ਖੇਤਰ ਦੇ ਉਧਮਪੁਰ ਵਿੱਚ ਤੇ ਕਸ਼ਮੀਰ ਘਾਟੀ ਦੇ ਗਾਂਧਰਬਲ ਵਿੱਚ ਮੁੜ ਬਹਾਲ ਕੀਤੀਆਂ ਗਈਆਂ।
ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਪ੍ਰਮੁੱਖ ਸਕੱਤਰ, ਗ੍ਰਹਿ, ਸ਼ਾਲੀਨ ਕਾਬਰਾ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ, “ਉਧਮਪੁਰ ਅਤੇ ਗਾਂਧਰਬਲ ਜ਼ਿਲ੍ਹਿਆਂ ਵਿੱਚ ਹਾਈ ਸਪੀਡ ਮੋਬਾਇਲ ਡਾਟਾ ਸੇਵਾਵਾਂ ਨੂੰ ਟ੍ਰਾਇਲ ਦੇ ਅਧਾਰ 'ਤੇ ਤੁਰੰਤ ਬਹਾਲ ਕੀਤਾ ਜਾਵੇਗਾ, ਜਦੋਂਕਿ ਬਾਕੀ ਜ਼ਿਲ੍ਹਿਆਂ ਵਿੱਚ, ਇੰਟਰਨੈਟ ਸਪੀਡ ਸਿਰਫ਼ 2G ਤੱਕ ਸੀਮਤ ਰਹੇਗੀ।"
ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਥਿਰ ਲੈਂਡਲਾਈਨ ਕੁਨੈਕਸ਼ਨਾਂ, ਇੰਟਰਨੈਟ ਕੁਨੈਕਟੀਵਿਟੀ, ਬਿਨਾਂ ਕਿਸੇ ਪਾਬੰਦੀਆਂ ਦੇ, ਮੈਕ-ਬਾਈਡਿੰਗ ਨਾਲ ਉਪਲੱਬਧ ਕਰਵਾਏ ਜਾਣਗੇ।
ਇਹ ਫੈਸਲਾ 8 ਸਤੰਬਰ ਤੱਕ ਲਾਗੂ ਰਹੇਗਾ, ਜਦੋਂ ਤੱਕ ਇਸ ਵਿੱਚ ਸੋਧ ਨਹੀਂ ਕੀਤੀ ਜਾਂਦੀ।
ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਘੱਟੋ ਘੱਟ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਦੇਸ਼ ਦੀ ਸੁਰੱਖਿਆ ਨੂੰ ਸ਼ਾਮਲ ਕੀਤੇ ਬਿਨ੍ਹਾਂ, 4G ਸੰਪਰਕ ਬਹਾਲ ਕਰਨ ਦੀ ਸੰਭਾਵਨਾ ਦਾ ਪਤਾ ਲਗਾਇਆ ਜਾਵੇ।
ਅਧਿਕਾਰੀਆਂ ਨੇ ਪਿਛਲੇ ਸਾਲ 5 ਅਗਸਤ ਨੂੰ ਕਸ਼ਮੀਰ ਵਿੱਚ ਸਾਰੇ ਮੋਬਾਇਲ ਅਤੇ ਫਿਕਸਡ ਲੈਂਡਲਾਈਨ ਕੁਨੈਕਸ਼ਨਾਂ ਨੂੰ ਖਤਮ ਕਰ ਦਿੱਤਾ ਸੀ ਜਦੋਂ ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਅਤੇ ਰਾਜ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਸੀ।
(ਆਈਏਐਨਐਸ)