ਅਜਨਾਲ/ਅੰਮ੍ਰਿਤਸਰ : ਅੱਜ ਤੜਕਸਾਰ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਅਜਨਾਲਾ ਨਜ਼ਦੀਕ ਇੱਕ ਬੰਬ ਨੁਮਾ ਵਸਤੂ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਇਸ ਸੂਚਨਾ ਤੋਂ ਬਾਅਦ ਸਹਿਮ ਦਾ ਮਾਹੌਲ ਦਿਖਾਈ ਦਿੱਤਾ। ਪੁਲਿਸ ਵੱਲੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੰਬ ਸਕੁਐਡ ਵੀ ਮੌਕੇ 'ਤੇ ਮੌਜੂਦ ਹੈ ਅਤੇੇ ਥਾਣੇ ਦੇ ਆਸ-ਪਾਸ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀ ਹੈ। ਉੱਥੇ ਹੀ ਹੁਣ ਡੀਐਸਪੀ ਅਜਨਾਲਾ ਗੁਰਬਿੰਦਰ ਸਿੰਘ ਵੱਲੋਂ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਸਪੱਸ਼ਟ ਕੀਤੀ ਗਈ ਹੈ।
ਪੁਲਿਸ ਟੀਮਾਂ ਵੱਲੋਂ ਤੁਰੰਤ ਕਾਰਵਾਈ
ਜਾਣਕਾਰੀ ਦਿੰਦਿਆ ਡੀਐਸਪੀ ਅਜਨਾਲਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਉਨ੍ਹਾਂ ਨੂੰ ਕਿਸੇ ਰਾਹੀਗਰ ਵੱਲੋਂ ਸੂਚਨਾ ਮਿਲੀ ਸੀ ਕਿ ਥਾਣਾ ਅਜਨਾਲਾ ਨੇੜੇ ਇੱਕ ਬੰਬ ਨੁਮਾ ਵਸਤੂ ਪਈ ਹੈ। ਜਿਸ ਦੀ ਸੂਚਨਾ ਮਿਲਦੇ ਸਾਰ ਹੀ ਐਸਐਚਓ ਅਜਨਾਲਾ ਵੱਲੋਂ ਆਲਾ ਅਧਿਕਾਰੀਆਂ ਨੂੰ ਉਕਤ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੰਬ ਸਕੁਐਡ ਦਸਤਾ ਅਤੇ ਐਨਟੀ ਸਾਬੋਟੇਜ ਟੀਮਾਂ ਨੂੰ ਮੌਕੇ ਉੱਤੇ ਬੁਲਾਇਆ ਗਿਆ। ਜਿਸ ਤੋਂ ਬਾਅਦ ਬੰਬ ਸਕੂਐਡ ਦੀ ਟੀਮ ਵੱਲੋਂ ਉਕਤ ਵਸਤੂ ਨੂੰ ਚੁੱਕ ਕੇ ਟੈਸਟ ਦੇ ਲਈ ਲੈਬੋਟਰੀ ਦੇ ਵਿੱਚ ਭੇਜ ਦਿੱਤਾ ਗਿਆ ਹੈ।
ਖੰਗਾਲੇ ਜਾ ਰਹੇ ਸੀਸੀਟੀਵੀ ਕੈਮਰੇ
ਡੀਐਸਪੀ ਅਜਨਾਲਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੇ ਵਿੱਚ ਸੰਜੀਦਗੀ ਵਰਤਦਿਆਂ ਹੋਇਆਂ ਪੁਲਿਸ ਵੱਲੋਂ ਨਿਯਮਾਂ ਦੇ ਤਹਿਤ ਕੰਮ ਕੀਤਾ ਗਿਆ ਹੈ ਅਤੇ ਨਾਲ ਹੀ ਹੁਣ ਲੈਬੋਟਰੀ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਪਾਵੇਗਾ ਕਿ ਇਹ ਕੀ ਚੀਜ਼ ਸੀ। ਡੀਐਸਪੀ ਅਜਨਾਲਾ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਨੇੜੇ ਤੇੜੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜੇਕਰ ਕਿਸੇ ਵਿਅਕਤੀ ਵੱਲੋਂ ਇਸ ਵਿੱਚ ਕਿਸੇ ਤਰ੍ਹਾਂ ਦੀ ਸ਼ਰਾਰਤ ਕੀਤੀ ਗਈ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇਲਾਕੇ ਵਿੱਚ ਵੱਖ-ਵੱਖ ਜਗ੍ਹਾ ਸਰਚ ਅਭਿਆਨ ਵੀ ਚਲਾਇਆ ਜਾ ਰਿਹਾ ਹੈ।
ਸਾਜਿਸ਼ ਦਾ ਹਿੱਸਾ ਹੋ ਸਕਦੀ ਹੈ ਸ਼ੱਕੀ ਵਸਤੂ
ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ ਹੋਣ ਦੇ ਚੱਲਦਿਆਂ ਇਹ ਏਰੀਆ ਅਕਸਰ ਹੀ ਦੁਸ਼ਮਣਾਂ ਦੇ ਨਿਸ਼ਾਨੇ 'ਤੇ ਰਿਹਾ ਹੈ। ਸਾਲ 2021 ਅਤੇ 2022 'ਚ ਵੀ ਇਸ ਥਾਣੇ ਵਿੱਚ ਸ਼ੱਕੀ ਵਸਤੂਆਂ ਪਾਈਆਂ ਗਈਆਂ ਸਨ। ਇਸ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਵਿੱਚ ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਤਿਵਾਦੀ ਗਤੀਵਿਧੀਆਂ ਹੋ ਚੁੱਕੀਆਂ ਹਨ। ਅਗਸਤ 2021 ਵਿੱਚ ਅਜਨਾਲਾ ਵਿੱਚ ਇੱਕ ਪੈਟਰੋਲ ਪੰਪ ਦੇ ਬਾਹਰ ਖੜ੍ਹੇ ਇੱਕ ਟਰੱਕ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ। ਇਸ ਲਈ ਕਿਸੀ ਵੀ ਸ਼ੱਕੀ ਗਤੀਵਿਧੀ ਨੂੰ ਹਲਕੇ 'ਚ ਨਾ ਲੈਂਦੇ ਹੋਏ ਪੁਲਿਸ ਫੋਰਸ ਮੂਸਤੈਦ ਹੈ। ਫਿਲਹਾਲ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ ਅਤੇ ਵਿਸਥਾਰਪੂਰਵਕ ਜਾਣਕਾਰੀ ਮਿਲਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।