ਨਵੀਂ ਦਿੱਲੀ: ਵਿਸਾਖੀ ਮੌਕੇ ਇਸ ਸਾਲ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ 555 ਦੇ ਕਰੀਬ ਭਾਰਤੀ ਸ਼ਰਧਾਲੂ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਸਥਿਤ ਪਵਿਤਰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਤੋਂ 550 ਸਿੱਖ ਸ਼ਰਧਾਲੂਆਂ ਦਾ ਜੱਥਾ 11 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅੰਮ੍ਰਿਤਸਰ ਪਹੁੰਚੇਗਾ ਅਤੇ ਅਗਲੇ ਦਿਨ ਅਟਾਰੀ ਬਾਰਡਰ ਰਾਹੀਂ ਹੁੰਦੇ ਹੋਏ ਵਿਸ਼ੇਸ਼ ਟ੍ਰੇਨ ਤੋਂ ਉਸੇ ਦਿਨ ਗੁਰਦੁਆਰਾ ਪੰਜਾ ਸਾਹਿਬ ਪਹੁੰਚੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬਧਕ ਕਮੇਟੀ ਨੇ ਵਿਸਾਖੀ ਦੇ ਪਵਿਤਰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਸਿੱਖ ਸ਼ਰਧਾਲੂਆਂ ਨੂੰ ਆਪਣੇ ਆਵੇਦਨ ਪੱਤਰ 15 ਫ਼ਰਵਰੀ ਤੱਕ ਜਮਾਂ ਕਰਵਾਉਣ ਲਈ ਕਿਹਾ ਹੈ। ਆਵੇਦਨ ਪੱਤਰ ਲਈ ਵੀਸੇ ਦੀ ਪ੍ਰੋਸੈਸਿੰਗ ਫੀਸ 200 ਰੁਪਏ, 4 ਪਾਸਪੋਰਟ ਸਾਇਜ਼ ਫੋਟੋ, ਪਛਾਣ ਪੱਤਰ ਅਤੇ ਪਾਸਪੋਰਟ ਲਾਜ਼ਮੀ ਹੋਵੇਗਾ। ਇਹ ਸਭ ਦਿੱਲੀ ਸਿੱਖ ਗੁਰਦੁਆਰਾ ਪ੍ਰਬਧਕ ਕਮੇਟੀ ਦੇ ਦਫ਼ਤਰ ਵਿੱਚ ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬ ਗੰਜ ਆ ਕੇ ਯਾਤਰਾ ਕਾਉਂਟਰ ਵਿਖੇ ਜਮਾ ਕਰਵਾ ਸਕਦੇ ਹਨ। ਸਾਰੇ ਸੰਬਧਤ ਦਸਤਾਵੇਜਾਂ ਸਮੇਤ ਸ਼ਰਧਾਲੂਆਂ ਦੇ ਪਾਸਪੋਰਟ 25 ਫ਼ਰਵਰੀ ਤੱਕ ਵਿਦੇਸ਼ ਮੰਤਰਾਲੇ ਨੂੰ ਜਮਾ ਕਰਵਾ ਦਿੱਤੇ ਜਾਣਗੇ।
ਸਿਰਸਾ ਨੇ ਦੱਸਿਆ ਕਿ ਇਸ ਸਾਲ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਾਰੇ ਸਿੱਖ ਸ਼ਰਧਾਲੂਆਂ ਦਾ ਦੇਸ਼ ਭਰ ਤੋਂ ਕੋਟਾ 3000 ਨਿਰਧਾਰਤ ਕੀਤਾ ਗਿਆ ਹੈ। ਜਿਸ ਵਿੱਚ ਸਭ ਤੋਂ ਵੱਧ 1800 ਸ਼ਰਧਾਲੂਆਂ ਦਾ ਕੋਟਾ ਪੰਜਾਬ ਤੋਂ ਅਲਾਟ ਕੀਤਾ ਗਿਆ ਹੈ। ਦਿੱਲੀ ਤੋਂ 555 ਸ਼ਰਧਾਲੂ, ਹਰਿਆਣਾ ਤੋਂ 200 ਸ਼ਰਧਾਲੂ ਜਦੋਂ ਕਿ 5 ਸ਼ਰਧਾਲੂਆਂ ਦਾ ਕੋਟਾ ਪੱਛਮੀ ਬੰਗਾਲ ਤੋਂ ਅਲਾਟ ਕੀਤਾ ਗਿਆ ਹੈ। ਇਸ ਅਲਾਵਾ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਸ਼ਰਧਾਲੂਆਂ ਦਾ ਕੋਟਾ ਅਲਾਟ ਕੀਤਾ ਗਿਆ ਹੈ।