ਬਾਗੇਸ਼ਵਰ: ਉਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਦਾ ਪਿੰਡ ਕੌਸਾਨੀ ਆਪਣੀ ਕੁਦਰਤੀ ਸੁੰਦਰਤਾ ਅਤੇ ਹਿਮਾਲਿਆ ਦੀਆਂ ਚੋਟੀਆਂ ਦੇ ਦਿਲਕਸ਼ ਨਜ਼ਾਰਿਆਂ ਲਈ ਮਸ਼ਹੂਰ ਹੈ। ਇਸ ਥਾਂ ਦੀ ਚਮਕ ਦੀ ਮਹਾਤਮਾ ਗਾਂਧੀ ਨੇ ਵੀ ਪ੍ਰਸ਼ੰਸਾ ਕੀਤੀ ਸੀ ਤੇ ਇਸ ਨੂੰ 'ਭਾਰਤ ਦਾ ਸਵਿਟਜ਼ਰਲੈਂਡ' ਕਿਹਾ ਸੀ। ਪਹਾੜਾਂ ਦੇ ਦਿਲਕਸ਼ ਨਜਾਰਿਆਂ ਤੋਂ ਇਲਾਵਾ ਇਥੇ ਬਣਿਆ ਅਨਾਸਕਤੀ ਆਸ਼ਰਮ ਵੀ ਸੈਲਾਨੀਆਂ ਲਈ ਖਿਚ ਦਾ ਕੇਂਦਰ ਹੈ।
ਮਹਾਤਮਾ ਗਾਂਧੀ ਦਾ ਕੌਸਾਨੀ ਨਾਲ ਰਿਸ਼ਤਾ
ਹਰੇ ਭਰੇ ਮੈਦਾਨਾਂ ਦੀ ਪੁਰਾਤਨ ਸੁੰਦਰਤਾ ਨਾਲ ਘਿਰਿਆ ਹੋਇਆ ਅਨਾਸਕਤੀ ਆਸ਼ਰਮ ਇੱਕ ਸ਼ਾਂਤ ਥਾਂ ਹੈ ਜਿਥੇ ਮਹਾਤਮਾ ਗਾਂਧੀ ਸਾਲ 1929 ਵਿੱਚ ਦੋ ਹਫ਼ਤੇ ਰਹੇ ਸਨ। ਮਹਾਤਮਾ ਗਾਂਧੀ ਆਸ਼ਰਮ ਵਿੱਚ ਸ਼ਾਂਤੀ ਤੋਂ ਐਨੇ ਮੰਤਰ ਮੁਗਧ ਹੋਏ ਕਿ ਉਨ੍ਹਾਂ ਇੱਥੇ ਅਨਾਸਕਤੀ ਯੋਗ ਦਾ ਅਭਿਆਸ ਕੀਤਾ ਤੇ ਇਸ 'ਤੇ ਕਿਤਾਬ ਲਿਖੀ।
ਇਹ ਆਸ਼ਰਮ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਣਾਇਆ ਗਿਆ ਤੇ ਇਸ ਨੂੰ ਗਾਂਧੀ ਆਸ਼ਰਮ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਆਸ਼ਰਮ ਵਿਚ ਗਾਂਧੀ ਜੀ ਦੇ ਜੀਵਨ ਦੀਆਂ black and white ਤਸਵੀਰਾਂ ਅਤੇ ਕਿਤਾਬਾਂ ਦੀ ਭਰਮਾਰ ਹੈ।
ਮੌਜੂਦਾ ਸਮੇਂ ਵਿੱਚ ਇਹ ਆਸ਼ਰਮ ਬਾਪੂ ਗਾਂਧੀ ਦੇ ਜੀਵਨ ਬਾਰੇ ਜਾਣਨ ਲਈ ਖੋਜਕਰਤਾਵਾਂ, ਦਾਰਸ਼ਨਿਕਾਂ ਤੇ ਅਧਿਆਤਮਵਾਦੀਆਂ ਸਣੇ ਸਥਾਨਕ ਲੋਕਾਂ ਲਈ ਮਹੱਤਵਪੂਰਨ ਕੇਂਦਰ ਹੈ।
ਕੌਸਾਨੀ ਵਿੱਚ ਚਲਾਈ ਜਾਵੇਗੀ ਸਫਾਈ ਮੁਹਿੰਮ
ਇਸ ਸਾਲ ਅਸੀਂ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾ ਰਹੇ ਹਾਂ। ਇਸ ਮੌਕੇ ਅਨਾਸਕਤੀ ਆਸ਼ਰਮ ਵਿੱਚ ਵੱਖ ਵੱਖ ਸਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸਦੇ ਨਾਲ ਹੀ ਬਾਪੂ ਗਾਂਧੀ ਦੇ ਸੱਚ ਅਤੇ ਅਹਿੰਸਾ ਦੇ ਸੰਦੇਸ਼ ਨੂੰ ਫੈਲਾਉਣ ਲਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੈਲੀ ਵੀ ਕੱਢੀ ਜਾਵੇਗੀ।
ਇਸ ਦਿਨ ਅਨਾਸਕਤੀ ਆਸ਼ਰਮ ਦੇ ਨਾਲ-ਨਾਲ ਪੂਰੇ ਕੌਸਾਨੀ ਵਿੱਚ ਇੱਕ ਸਫਾਈ ਮੁਹਿੰਮ ਚਲਾਈ ਜਾਵੇਗੀ। ਆਸ਼ਰਮ ਵਿੱਚ ਸਕੂਲੀ ਵਿਦਿਆਰਥੀਆਂ ਲਈ ਗਾਂਧੀ ਜੀ ਨਾਲ ਸਬੰਧਤ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਆਸ਼ਰਮ ਨਾਲ ਜੁੜੇ ਲੋਕ ਇਲਾਕੇ ਵਿੱਚ ਬੂਟੇ ਲਗਾਉਣਗੇ ਤੇ ਔਰਤਾਂ ਲਈ ਸਿਹਤ ਜਾਂਚ ਕੈਂਪ ਵੀ ਲਗਾਇਆ ਜਾਵੇਗਾ।
ਇਤਿਹਾਸਕ ਵਿਰਾਸਤਾਂ ਵਿਚੋਂ ਇੱਕ ਅਨਾਸਕਤੀ ਆਸ਼ਰਮ
ਅਨਾਸਕਤੀ ਆਸ਼ਰਮ ਵਿਸ਼ਵ ਦੀ ਇਤਿਹਾਸਕ ਵਿਰਾਸਤਾਂ ਵਿਚੋਂ ਇੱਕ ਹੈ, ਜਿਥੇ ਮਹਾਤਮਾ ਗਾਂਧੀ ਦੀਆਂ ਲਗਭਗ 150 ਤਸਵੀਰਾਂ ਸਾਂਭੀਆਂ ਗਈਆਂ ਹਨ ਜੋ ਹੋਰ ਕਿਤੇ ਨਹੀਂ ਮਿਲਣਗੀਆਂ।
ਆਸ਼ਰਮ ਵਿੱਚ ਲਗਭਗ 1500 ਕਿਤਾਬਾਂ ਤੇ 150 ਤਸਵੀਰਾਂ ਨੂੰ ਸੁਰੱਖਿਅਤ ਰੱਖਣ ਲਈ, ਇਸ ਦੇ ਨਵੀਨੀਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਨਵੀਨੀਕਰਨ ਦਾ ਪਹਿਲਾ ਪੜਾਅ 3 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਸ਼ੁਰੂ ਕੀਤਾ ਗਿਆ ਹੈ।