ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੀ ਲਾਗ ਦਾ ਅੰਕੜਾ ਇੱਕ ਲੱਖ 61 ਹਜ਼ਾਰ ਨੂੰ ਪਾਰ ਕਰ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1450 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਦੇ ਵਾਧੇ ਤੋਂ ਬਾਅਦ, ਦਿੱਲੀ ਵਿੱਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 1,61,466 ਹੋ ਗਈ ਹੈ, ਜਦੋਂ ਕਿ ਪਿਛਲੇ ਦਿਨ ਦੇ ਮੁਕਾਬਲੇ ਕੋਰੋਨਾ ਦੀ ਲਾਗ ਦੀ ਦਰ ਵਧੀ ਹੈ ਅਤੇ ਹੁਣ ਇਹ 7.74 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।
ਰਿਕਵਰੀ ਰੇਟ 90.04 ਫੀਸਦੀ
ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਨੂੰ ਲਗਾਤਾਰ ਮਾਤ ਦੇ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ 1250 ਕੋਰੋਨਾ ਮਰੀਜ਼ ਠੀਕ ਹੋਏ ਹਨ। ਅੱਜ ਦੇ ਵਾਧੇ ਤੋਂ ਬਾਅਦ, ਦਿੱਲੀ ਵਿਚ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਕੁੱਲ ਗਿਣਤੀ 1,45,388 ਹੋ ਗਈ ਹੈ। ਇਸੇ ਨਾਲ ਕੋਰੋਨਾ ਰਿਕਵਰੀ ਦੀ ਦਰ ਹੁਣ 90.04 ਪ੍ਰਤੀਸ਼ਤ 'ਤੇ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇੱਕ ਹਫਤੇ ਤੋਂ ਦਿੱਲੀ ਵਿੱਚ ਕੋਰੋਨਾ ਰਿਕਵਰੀ ਦੀ ਦਰ 90 ਪ੍ਰਤੀਸ਼ਤ ਤੋਂ ਪਾਰ ਹੈ।
24 ਘੰਟਿਆਂ ਵਿੱਚ 16 ਦੀ ਮੌਤ
ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੈਲਥ ਬੁਲੇਟਿਨ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ, ਦਿੱਲੀ ਵਿੱਚ ਕੋਰੋਨਾ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ ਦਿਨ ਇਹ ਗਿਣਤੀ 14 ਸੀ। ਅੱਜ ਦੇ ਵਾਧੇ ਤੋਂ ਬਾਅਦ, ਦਿੱਲੀ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 4300 ਤੱਕ ਪਹੁੰਚ ਗਈ ਹੈ। ਦਿੱਲੀ ਵਿੱਚ ਕੋਰੋਨਾ ਕਾਰਨ ਹੋਈ ਮੌਤ ਦੀ ਦਰ 2.66 ਪ੍ਰਤੀਸ਼ਤ ਹੋ ਗਈ ਹੈ।
11,778 ਐਕਟਿਵ ਮਰੀਜ਼
ਦਿੱਲੀ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ ਅਤੇ ਹੁਣ ਇਹ ਵੱਧ ਕੇ 11,778 ਹੋ ਗਈ ਹੈ। ਇਹ ਕੁੱਲ ਸੰਖਿਆ ਦਾ 7.29 ਪ੍ਰਤੀਸ਼ਤ ਹੈ। ਇਨ੍ਹਾਂ ਵਿੱਚੋਂ 5896 ਮਰੀਜ਼ ਇਸ ਸਮੇਂ ਘਰਾਂ ਦੇ ਵਿੱਚ ਆਈਸੋਲੇਸ਼ਨ ਵਿੱਚ ਹਨ। ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ 18,731 ਟੈਸਟ ਹੋਏ ਹਨ। ਇਨ੍ਹਾਂ ਵਿਚੋਂ 6261 ਆਰਟੀਪੀਸੀਆਰ ਟੈਸਟ ਅਤੇ 12,470 ਰੈਪਿਡ ਐਂਟੀਜੇਨ ਟੈਸਟ ਕੀਤੇ ਗਏ ਹਨ। ਇਸ ਤੋਂ ਬਾਅਦ, ਦਿੱਲੀ ਵਿੱਚ ਕਰਵਾਏ ਗਏ ਟੈਸਟਾਂ ਦੀ ਕੁਲ ਗਿਣਤੀ 14,31,094 ਹੋ ਗਈ ਹੈ।