ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 3,66,946 ਹੋ ਗਈ ਅਤੇ ਹੁਣ ਤੱਕ 12,237 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਭਾਰਤ ਵਿੱਚ ਕੋਰੋਨਾ ਦੇ 1,60,384 ਮਾਮਲੇ ਐਕਟਿਵ ਹਨ ਅਤੇ 1,94,324 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਦੇ 12,881 ਨਵੇਂ ਮਾਮਲੇ ਸਾਹਮਣੇ ਆਏ ਹਨ 334 ਲੋਕਾਂ ਦੀ ਇਸ ਮਹਾਂਮਾਰੀ ਕਾਰਨ ਮੌਤ ਹੋ ਗਈ ਹੈ।
ਮਹਾਰਾਸ਼ਟਰ ਅਤੇ ਦਿੱਲੀ ਨੇ ਪਿਛਲੇ ਦਿਨਾਂ ਦੇ ਅੰਕੜਿਆਂ ਨਾਲ ਮੇਲ ਖਾਂਦਿਆਂ ਇਹ ਨਵੇਂ ਅੰਕੜੇ ਜਾਰੀ ਕੀਤੇ ਹਨ ਜਦ ਕਿ ਤਾਮਿਲਨਾਡੂ ਤੋਂ 49, ਗੁਜਰਾਤ ਤੋਂ 28, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ 18-18, ਮੱਧ ਪ੍ਰਦੇਸ਼ ਤੋਂ 11, ਪੱਛਮੀ ਬੰਗਾਲ ਤੋਂ 10, ਰਾਜਸਥਾਨ ਤੋਂ, ਕਰਨਾਟਕ ਤੋਂ 5 ਅਤੇ ਤੇਲੰਗਾਨਾ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿੱਚ ਬਿਹਾਰ, ਛੱਤੀਸਗੜ੍ਹ, ਜੰਮੂ ਕਸ਼ਮੀਰ, ਝਾਰਖੰਡ, ਪੁਡੂਚੇਰੀ ਅਤੇ ਉਤਰਾਖੰਡ ਵਿੱਚ ਕੋਵਿਡ -19 ਕਾਰਨ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਬੀਤੇ ਦਿਨ ਕੋਰੋਨਾ ਵਾਇਰਸ ਦੇ 126 ਨਵੇਂ ਮਾਮਵਲੇ ਸਾਹਮਣੇ ਆਏ ਹਨ ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 3497 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 881 ਮਾਮਲੇ ਐਕਟਿਵ ਹਨ ਅਤੇ ਹੁਣ ਤੱਕ 78 ਲੋਕਾਂ ਦੀ ਮੌਤ ਚੁੱਕੀ ਹੈ। ਬੁੱਧਵਾਰ ਨੂੰ ਸੂਬੇ ਵਿੱਚ 2 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮੌਤਾਂ ਵਿੱਚੋਂ 1 ਮੌਤ ਅੰਮ੍ਰਿਤਸਰ ਅਤੇ 1 ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਈ ਹੈ।
ਇਹ ਵੀ ਪੜ੍ਹੋ: ਚੀਨ ਨਾਲ ਹੋਈ ਹਿੰਸਕ ਝੜਪ 'ਚ ਪੰਜਾਬ ਦੇ 4 ਜਵਾਨ ਹੋਏ ਸ਼ਹੀਦ