ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼): ਵਿਸ਼ਾਖਾਪਟਨਮ ਵਿੱਚ ਸ਼ਨੀਵਾਰ ਨੂੰ ਇੱਕ ਕ੍ਰੇਨ ਡਿੱਗਣ ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਡੀਸੀਪੀ ਸੁਰੇਸ਼ ਬਾਬੂ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵਿਖੇ ਵਾਪਰੀ ਹੈ।
ਡੀਸੀਪੀ ਨੇ ਕਿਹਾ, "ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵਿਖੇ ਇੱਕ ਕ੍ਰੇਨ ਹਾਦਸਾਗ੍ਰਸਤ ਹੋ ਗਈ। ਇਸ ਘਟਨਾ ਵਿੱਚ 11 ਮਾਰੇ ਗਏ ਅਤੇ 1 ਜ਼ਖਮੀ ਹੈ।"
ਜਨ ਸੈਨਾ ਦੇ ਹਮਾਇਤੀ ਰਾਮ ਕ੍ਰਿਸ਼ਨ ਨੇ ਕਿਹਾ, “ਕ੍ਰੇਨ ਹਾਦਸਾ ਦੁਪਹਿਰ 12 ਵਜੇ ਵਾਪਰਿਆ। ਲੋਡ ਟੈਸਟਿੰਗ ਦੇ ਸਮੇਂ ਕ੍ਰੇਨ ਡਿੱਗ ਪਈ। ਅਸੀਂ ਵਿਸ਼ਾਖਾਪਟਨਮ ਵਿੱਚ ਪਿਛਲੇ 90 ਦਿਨਾਂ ਤੋਂ ਦੇਖ ਰਹੇ ਹਾਂ ਕਿ ਐਲਜੀ ਪੋਲੀਮਰ ਗੈਸ ਲੀਕ ਹੋਇਆ ਸੀ, ਫੇਰ ਵਿਸ਼ਾਖਾਪਟਨਮ ਦੇ ਕੰਟੇਨਰ ਯਾਰਡ ਵਿੱਚ ਧਮਾਕਾ ਹੋਇਆ ਅਤੇ ਹੁਣ ਇਹ।"
ਉਨ੍ਹਾਂ ਕਿਹਾ, “ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਕੋਈ ਸੁਰੱਖਿਆ ਆਡਿਟ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੁਰੱਖਿਆ ਆਡਿਟ ਕਰੇ ਅਤੇ ਉਨ੍ਹਾਂ ਦਾ ਲਾਇਸੈਂਸ ਰੱਦ ਕਰੇ ਜਿਨ੍ਹਾਂ ਦਾ ਆਡਿਟ ਨਹੀਂ ਹੋਇਆ ਹੈ।”
ਇਸ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਕ੍ਰੇਨ ਹਾਦਸੇ ਬਾਰੇ ਪੁੱਛਗਿੱਛ ਕੀਤੀ।
ਘਟਨਾ ਦੇ ਵੇਰਵਿਆਂ ਨੂੰ ਜਾਣਨ ਤੋਂ ਬਾਅਦ ਰੈਡੀ ਨੇ ਵਿਸ਼ਾਖਾਪਟਨਮ ਜ਼ਿਲ੍ਹਾ ਕੁਲੈਕਟਰ ਅਤੇ ਸਿਟੀ ਪੁਲਿਸ ਕਮਿਸ਼ਨਰ ਨੂੰ ਘਟਨਾ ‘ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।