ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਦੇ ਕਈ ਵੱਡੇ ਹਿੱਸਿਆਂ ਵਿੱਚ ਧਰਨੇ ਪ੍ਰਦਰਸ਼ਨ ਦਾ ਦੌਰ ਜਾਰੀ ਹੈ। ਇਸੇ ਵਿਚਕਾਰ ਲਖਨਊ ਵਿੱਚ ਹਿੰਸਕ ਪ੍ਰਦਰਸ਼ਨ ਦੌਰਾਨ ਕਥਿਤ ਰੂਪ 'ਚ ਜ਼ਖ਼ਮੀ ਹੋਏ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਲਖਨਊ ਦੇ ਹੁਸੈਨਗੰਜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਦੇ ਟਰੌਮਾ ਸੈਂਟਰ ਦੇ ਵਿੱਚ 4 ਵਿਅਕਤੀਆਂ ਨੂੰ ਦਾਖ਼ਲ ਕਰਵਾਇਆ ਗਿਆ ਸੀ ਜਿਨ੍ਹਾਂ ਵਿੱਚੋਂ 3 ਕਥਿਤ ਤੌਰ 'ਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਸਨ।
ਗੋਲੀਬਾਰੀ ਤੋਂ ਕੀਤਾ ਇਨਕਾਰ
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਡੀਜੀਪੀ ਓਪੀ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਫਾਇਰਿੰਗ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਉਸ ਵਿਅਕਤੀ ਦੀ ਮੌਤ ਕਿਵੇਂ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਦੀ ਮੌਤ ਦਾ ਪ੍ਰਦਰਸ਼ਨ ਜਾਂ ਪੁਲਿਸ ਨਾਲ ਕੋਈ ਸਬੰਧ ਨਹੀਂ।
ਹਿੰਸਾ ਫੈਲਾਉਣ ਵਾਲਿਆਂ ਦੀ ਜਾਇਦਾਦ ਹੋਵੇਗੀ ਜ਼ਬਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨਾਗਰਿਕਤਾ (ਸੋਧ) ਕਾਨੂੰਨ ਨੂੰ ਲੈ ਕੇ ਵੀਰਵਾਰ ਨੂੰ ਰਾਜਧਾਨੀ ਲਖਨਊ 'ਚ ਹੋਏ ਹਿੰਸਕ ਰੋਸ ਪ੍ਰਦਰਸ਼ਨਾਂ ਅਤੇ ਅੱਗਜਨੀ ਬਾਰੇ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮਗਰੋਂ ਯੋਗੀ ਆਦਿੱਤਿਆਨਾਥ ਨੇ ਕਿਹਾ, "ਰੋਸ ਪ੍ਰਦਰਸ਼ਨ ਦੇ ਨਾਂਅ 'ਤੇ ਕੋਈ ਹਿੰਸਾ ਅਤੇ ਅੱਗਜਨੀ ਨਹੀਂ ਕਰ ਸਕਦਾ। ਅਸੀਂ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ। ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਦੀ ਜਾਇਦਾਦ ਜਬਤ ਕਰ ਕੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।"
ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਨਾਗਰਿਕਤਾ (ਸੋਧ) ਕਾਨੂੰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਲਖਨਊ 'ਚ ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇੱਕ ਪੁਲਿਸ ਚੌਕੀ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਇੱਥੇ ਪੁਲਿਸ 'ਤੇ ਪੱਥਰਬਾਜ਼ੀ ਕੀਤੀ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।