ਅਜਨਾਲਾ: ਬੀਤੇ ਕੁਝ ਦਿਨਾਂ ਤੋਂ ਭਾਰਤੀ ਸੀਮਾ ਨੇੜੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਸਰਹੱਦੀ ਤਹਿਸੀਲ ਅਜਨਾਲਾ ਦੇ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਵਿਛੋਆ ਤੋਂ ਸ਼ਾਮ ਸਮੇਂ ਇੱਕ ਪਾਕਿਸਤਾਨੀ ਝੰਡਾ ਅਤੇ ਗੁਬਾਰੇ ਮਿਲਣ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਜਦ ਪਿੰਡ ਦੇ ਲੋਕਾਂ ਨੂੰ ਗੁਬਾਰੇ ਅਤੇ ਪਾਕਿਸਤਾਨੀ ਝੰਡਾ ਮਿਲਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਥਾਣਾ ਝੰਡੇਰ ਦੀ ਪੁਲਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਪਾਕਿਸਤਾਨੀ ਝੰਡੇ ਅਤੇ 3 ਗ਼ੁਬਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਪਿੰਡ ਵਿਛੋਆ ਤੋਂ ਮਿਲੇ ਪਾਕਿਸਤਾਨੀ ਝੰਡੇ ਉਪਰ ਉਰਦੂ ਭਾਸ਼ਾ ਵਿੱਚ ਕੁਝ ਲਿਖਿਆ ਹੋਇਆ ਸੀ ਤੇ 1000 ਤੇ ਕੁਝ ਹੋਰ ਅੰਕ ਜੋ ਕੇ ਵੇਖਣ ਨੂੰ ਮੋਬਾਇਲ ਨੰਬਰ ਲੱਗਦਾ ਸੀ ਵੀ ਲਿਖੇ ਹੋਏ ਸਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ.ਐੱਚ.ਓ ਝੰਡੇਰ ਸਬ ਇੰਸਪੈਕਟਰ ਹਰਪ੍ਰਕਾਸ਼ ਨੇ ਦੱਸਿਆ ਕਿ ਪਿੰਡ ਵਿਛੋਆ ਤੋਂ ਮਿਲੇ ਇਨ੍ਹਾਂ ਗੁਬਾਰਿਆਂ ਅਤੇ ਝੰਡੇ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਝੰਡੇ ਅਤੇ ਗੁਬਾਰੇ ਤੋਂ ਇਲਾਵਾ ਹੋਰ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ।
ਇਹ ਵੀ ਪੜ੍ਹੋ : 15 ਅਗਸਤ ਸਿਰਸਾ ਜ਼ਿਲ੍ਹੇ ਲਈ ਹੋਵੇਗਾ ਚੁਣੌਤੀਪੂਰਨ