ਲੁਧਿਆਣਾ : ਖੰਨਾ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਜਾਰੀ ਹੈ। ਅੱਜ ਸ਼ਹਿਰ ਦੇ ਨਵੀਂ ਆਬਾਦੀ ਇਲਾਕੇ ਵਿੱਚ ਇੱਕ 60 ਸਾਲਾ ਔਰਤ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ। ਜਦੋਂ ਕੁੱਤੇ ਬਜ਼ੁਰਗ ਔਰਤ ਨੂੰ ਨੋਚ ਰਹੇ ਸਨ ਤਾਂ ਸਾਹਮਣੇ ਘਰ ਦੀ ਛੱਤ ਤੋਂ ਕਿਸੇ ਨੇ ਕੁੱਤਿਆਂ ਵੱਲ ਵਾਇਪਰ ਸੁੱਟਿਆ ਅਤੇ ਗਲੀ ਦੇ ਕੁਝ ਲੋਕ ਉਥੇ ਇਕੱਠਾ ਹੋ ਗਏ, ਜਿਸ ਕਾਰਨ ਕੁੱਤੇ ਬਜ਼ੁਰਗ ਮਹਿਲਾ ਨੂੰ ਛੱਡ ਕੇ ਭੱਜ ਗਏ। ਜੇਕਰ ਲੋਕ ਬਜ਼ੁਰਗ ਔਰਤ ਨੂੰ ਨਾ ਬਚਾਉਂਦੇ ਤਾਂ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਮਾਰ ਦੇਣਾ ਸੀ। ਬਜ਼ੁਰਗ ਔਰਤ ਨੂੰ 15 ਥਾਵਾਂ ਤੋਂ ਵੱਢ ਲਿਆ ਗਿਆ।
ਘਰਾਂ ਅੰਦਰ ਸਫਾਈ ਦਾ ਕੰਮ ਕਰਦੀ ਹੈ ਬਜ਼ੁਰਗ ਮਹਿਲਾ
ਵਿਨੋਦ ਨਗਰ ਦੀ ਵਸਨੀਕ ਪੀੜਤਾ ਮੂਰਤੀ (60) ਨੇ ਕਿਹਾ ਕਿ ਉਹ ਨਵੀਂ ਆਬਾਦੀ ਵਿਖੇ ਘਰਾਂ ਅੰਦਰ ਸਫਾਈ ਦਾ ਕੰਮ ਕਰਦੀ ਹੈ। ਅੱਜ ਜਦੋਂ ਉਹ ਕੰਮ ਤੋਂ ਵਾਪਸ ਆ ਰਹੀ ਸੀ, ਤਾਂ ਪਹਿਲਾਂ ਇੱਕ ਕੁੱਤਾ ਗਲੀ ਵਿੱਚ ਉਸ ਦੇ ਪਿੱਛੇ ਭੱਜਿਆ। ਇਸ ਦੌਰਾਨ ਉਹ ਘਰ ਦਾ ਦਰਵਾਜ਼ਾ ਖੋਲ੍ਹ ਹੀ ਰਹੀ ਸੀ ਕੀ ਇੱਕ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸ ਨੂੰ ਕੱਪੜਿਆਂ ਤੋਂ ਘਸੀਟ ਕੇ ਗਲੀ ਦੇ ਵਿਚਕਾਰ ਸੁੱਟ ਦਿੱਤਾ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਪਈ। ਇਸ ਤੋਂ ਬਾਅਦ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਕਈ ਥਾਵਾਂ ਤੋਂ ਵੱਢ ਲਿਆ। ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਕੁੱਤਿਆਂ ਨੂੰ ਭਜਾ ਦਿੱਤਾ ਅਤੇ ਉਸਦੀ ਜਾਨ ਬਚਾਈ।
'ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ'
ਜਿਸ ਤੋਂ ਬਾਅਦ ਬਜ਼ੁਰਗ ਮਹਿਲਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਕਾਨ ਮਾਲਕ ਜੋਗਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਜਦੋਂ ਔਰਤ ਸਵੇਰੇ ਕੰਮ ਤੋਂ ਬਾਅਦ ਘਰ ਵਾਪਸ ਜਾ ਰਹੀ ਸੀ, ਤਾਂ ਉਸ 'ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਇਲਾਕੇ ਦੇ ਲੋਕ ਕੁੱਤਿਆਂ ਦੇ ਆਤੰਕ ਤੋਂ ਬਹੁਤ ਪ੍ਰੇਸ਼ਾਨ ਹਨ। ਪ੍ਰਸ਼ਾਸਨ ਨੂੰ ਇਸਦਾ ਹੱਲ ਕੱਢਣਾ ਚਾਹੀਦਾ ਹੈ।
'ਹਸਪਤਾਲ 'ਚ ਕੀਤਾ ਜਾ ਰਿਹਾ ਹੈ ਮੁਫ਼ਤ ਇਲਾਜ'
ਉਥੇ ਹੀ ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਸਿੰਘ ਜੱਸਲ ਨੇ ਦੱਸਿਆ ਕਿ ਬਜ਼ੁਰਗ ਔਰਤ ਨੂੰ 15 ਥਾਵਾਂ ਤੋਂ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ ਸੀ। ਹਸਪਤਾਲ 'ਚ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਹਾਲਤ ਖਤਰੇ ਤੋਂ ਬਾਹਰ ਹੈ ਅਤੇ ਬਣਦੀ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।