ਅੰਮ੍ਰਿਤਸਰ: ਅੱਜ-ਕੱਲ੍ਹ ਹਰ ਕੋਈ ਆਨ-ਲਾਈਨ ਸ਼ਾਪਿੰਗ ਨੂੰ ਤਰਜ਼ੀਹ ਦੇ ਰਿਹਾ ਹੈ। ਲੋਕ ਘਰ ਬੈਠੇ ਹੀ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਨੂੰ ਮੰਗਵਾ ਲੈਂਦੇ ਹਨ। ਹੁਣ ਇਸ ਗੱਲ ਨੂੰ ਲੈ ਕੇ ਹੀ ਕਿਸਾਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇੱਕ ਪਾਸੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਮੋਰਚੇ ਲਗਾਏ ਗਏ ਹਨ। ਇਸੇ ਕਾਰਨ ਅਜਨਾਲਾ 'ਚ ਮਹਾਂ-ਪੰਚਾਇਤ ਕੀਤੀ ਗਈ। ਇਸ ਮਹਾਂ-ਪੰਚਾਇਤ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਆਨ-ਲਾਈਨ ਸ਼ਾਪਿੰਗ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲ ਕਰਦੇ ਆਖਿਆ ਕਿ ਇੱਕ ਪਾਸੇ ਤਾਂ ਕਿਸਾਨਾਂ ਦੇ ਸਿਰ ਠੀਕਰਾ ਭੰਨਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਧਰਨਿਆਂ ਕਾਰਨ ਨੁਕਸਾਨ ਹੋ ਰਿਹਾ ਹੈ। ਉਧਰ ਦੂਜੇ ਪਾਸੇ ਵੱਡੇ-ਵੱਡੇ ਕਾਰਪੋਰੇਟ ਘਰਾਣੇ ਸਾਡੀ ਹੀ ਕਣਕ 23 ਰੁਪਏ 'ਚ ਖਰੀਦ ਕੇ ਉਸ ਨੂੰ ਬ੍ਰਾਂਡ ਬਣਾ ਕੇ 45 ਰੁਪਏ ਤੱਕ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੁਕਸਾਨ ਕਿਹੜੇ ਲੋਕਾਂ ਕਾਰਨ ਹੋ ਰਿਹਾ ਹੈ।
ਕਿਸਾਨ ਮਜ਼ਦੂਰ ਕਾਫ਼ਲਾ
ਕਾਬਲੇਜ਼ਕਿਰ ਹੈ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ "ਚੱਲੋ ਸ਼ੰਭੂ" ਦਾ ਨਾਅਰਾ ਦਿੱਤਾ ਗਿਆ ਹੈ। ਇਸੇ ਨੂੰ ਲੈ ਕੇ ਵੱਡੀ ਮਹਾਂਪੰਚਾਇਤ ਕੀਤੀ ਗਈ। ਇਸ ਮਹਾਂਪੰਚਾਇਤ ਦੇ ਜ਼ਰੀਏ ਲੋਕਾਂ ਨੂੰ ਕਿਸਾਨਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਅਤੇ ਇੱਕ ਇਸ਼ਤਿਹਾਰ ਵੀ ਛਪਾਇਆ ਗਿਆ ਜਿਸ 'ਤੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ-ਨਾਲ ਕਿਸਾਨ ਮਜ਼ਦੂਰ ਕਾਫ਼ਲਾ ਲ਼ਿਖਾਇਆ ਗਿਆ। ਇਸ ਮਹਾਂਪੰਚਾਇਤ ਤੋਂ ਬਾਅਦ ਹੀ ਲੋਕ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਸ਼ੰਭੂ ਮੋਰਚੇ ਵੱਲ ਰਵਾਨਾ ਹੋਣਗੇ। ਪੂਰੇ ਦੇਸ਼ 'ਚ ਟਰੈਕਟਰ ਮਾਰਚ ਕੀਤਾ ਜਾਵੇਗਾ ਅਤੇ ਟੋਲ-ਪਲਾਜ਼ਿਆਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।