ਮੁੰਬਈ: ਸੁਪਰੀਮ ਕੋਰਟ ਤੋਂ ਜਮਾਨਤ ਮਿਲਣ ਤੋਂ ਬਾਅਦ ਪੱਤਰਕਾਰ ਅਰਨਬ ਗੋਸਵਾਮੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਨੂੰ ਲੈ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ 'ਤੇ ਹਮਲਾ ਬੋਲਿਆ ਹੈ। ਗੋਸਵਾਮੀ ਨੇ ਕਿਹਾ ਕਿ "ਉੱਧਵ ਠਾਕਰੇ ਤੁਸੀਂ ਮੈਨੂੰ ਇੱਕ ਪੁਰਾਣੇ ਅਤੇ ਫਰਜ਼ੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਅਤੇ ਮੇਰੇ ਤੋਂ ਮੁਆਫੀ ਤਕ ਨਹੀਂ ਮੰਗੀ। ਖੇਡ ਹੁਣ ਸ਼ੁਰੂ ਹੋਇਆ ਹੈ।"
ਤੁਹਾਨੂੰ ਦੱਸ ਦੇਈਏ ਕਿ ਅਰਨਬ ਗੋਸਵਾਮੀ ਨੂੰ ਇੰਟੀਰੀਅਰ ਡਿਜਾਈਨਰ ਦੀ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ, ਬੁੱਧਵਾਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਸਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਨਿਊਜ਼ ਰੂਮ ਪਹੁੰਚੇ ਸਨ।
ਦੁਬਾਰਾ ਗ੍ਰਿਫਤਾਰ ਕੀਤੇ ਜਾਣ ਦੀ ਖਦਸ਼ਾ ਜ਼ਾਹਰ ਕਰਦਿਆਂ ਗੋਸਵਾਮੀ ਨੇ ਕਿਹਾ, "ਮੈਂ ਜੇਲ੍ਹ ਦੇ ਅੰਦਰ ਤੋਂ ਵੀ ਚੈਨਲ ਸ਼ੁਰੂ ਕਰਾਂਗਾ ਅਤੇ ਤੁਸੀਂ (ਠਾਕਰੇ) ਕੁੱਝ ਵੀ ਨਹੀਂ ਕਰ ਸਕੋਗੇ।" ਗੋਸਵਾਮੀ ਨੇ ਅੰਤਰਿਮ ਜ਼ਮਾਨਤ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ।
ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਭਾਜਪਾ ਆਗੂ ਦੇਵੇਂਦਰ ਫਡਨਵੀਸ ਨੇ ਸਵਾਗਤ ਕੀਤਾ ਅਤੇ ਮੁੱਖ ਮੰਤਰੀ ਉੱਧਵ ਠਾਕਰੇ ਅਤੇ ਉਨ੍ਹਾਂ ਦੀ ਸਰਕਾਰ ਤੇ ਆਪਾਤਾਕਾਲ ਜਿਹੀ ਸਥਿਤੀ ਪੈਦਾ ਕਰਨ ਦਾ ਦੋਸ਼ ਲਾਇਆ।