ਮਾਂਡਿਆ (ਕਰਨਾਟਕ): ਕਰਨਾਟਕ ਦੇ ਮੰਡਿਆ ਵਿੱਚ ਪ੍ਰਧਾਨ ਮੰਤਰੀ ਦਫ਼ਤਰ (Prime Ministers Office) ਦੇ ਦਖਲ ਤੋਂ ਬਾਅਦ ਇੱਕ ਸਾਫਟਵੇਅਰ ਇੰਜੀਨੀਅਰ ਆਖਰਕਾਰ ਆਪਣੇ ਘਰ ਦੇ ਸਾਹਮਣੇ ਡਰੇਨੇਜ ਲਾਈਨ ਦਾ ਨਿਰਮਾਣ ਸ਼ੁਰੂ ਕਵਾਉਣ ਵਿੱਚ ਕਾਮਯਾਬ ਹੋ ਗਿਆ ਹੈ। ਮੰਡਿਆ ਤਾਲੁਕ ਦੇ ਹਲੇਬੁਦਨੂਰ ਪਿੰਡ ਦੇ ਬੀਐਸ ਚੰਦਰਸ਼ੇਖਰ ਵੱਲੋਂ ਤਿੰਨ ਸਾਲਾਂ ਵਿੱਚ ਕਈ ਪੱਤਰ ਦਾਖਲ ਕਰਨ ਦੇ ਬਾਵਜੂਦ ਗ੍ਰਾਮ ਪੰਚਾਇਤ ਤੋਂ ਕੋਈ ਸਹਾਇਤਾ ਪ੍ਰਾਪਤ ਨਹੀਂ ਹੋਈ। ਇਸ ਸ਼ਖ਼ਸ ਨੇ ਅਸਫਲ ਰਹਿਣ ਤੋਂ ਬਾਅਦ ਪੀਐੱਮਓ ਨੂੰ ਪੱਤਰ ਲਿਖਿਆ ਸੀ।
ਸ਼ਿਕਾਇਤ ਮਗਰੋਂ PMO ਦਾ ਐਕਸ਼ਨ: ਕਰੀਬ 10 ਸਾਲ ਪਹਿਲਾਂ ਇਸ ਇਲਾਕੇ ਵਿੱਚ ਡਰੇਨ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਪਰ 30 ਮੀਟਰ ਅਧੂਰਾ ਰਹਿ ਜਾਣ ਕਾਰਨ ਕੰਮ ਅੱਧ ਵਿਚਕਾਰ ਹੀ ਠੱਪ ਹੋ ਗਿਆ। ਚਾਰ ਸਾਲ ਪਹਿਲਾਂ ਚੰਦਰਸ਼ੇਖਰ ਨੇ ਇੱਥੇ ਮਕਾਨ ਬਣਵਾਇਆ ਸੀ ਅਤੇ ਉਦੋਂ ਤੋਂ ਉਹ ਉਸਾਰੀ ਨੂੰ ਪੂਰਾ ਕਰਵਾਉਣ ਲਈ ਸਥਾਨਕ ਗ੍ਰਾਮ ਪੰਚਾਇਤ ਅਧਿਕਾਰੀਆਂ ਕੋਲ ਪਹੁੰਚ ਕਰ ਰਹੇ ਹਨ। ਹਾਲਾਂਕਿ ਕਈ ਵਾਰ ਪੱਤਰ ਲਿਖਣ ਦੇ ਬਾਵਜੂਦ ਗ੍ਰਾਮ ਪੰਚਾਇਤ ਕੋਈ ਜਵਾਬ ਨਹੀਂ ਦੇ ਰਹੀ ਸੀ। ਕੋਈ ਮਦਦ ਨਾ ਮਿਲਣ ਤੋਂ ਬਾਅਦ ਨਿਰਾਸ਼ ਹੋ ਕੇ, ਉਸ ਨੇ 5 ਜੂਨ ਨੂੰ ਕੇਂਦਰੀ ਜਨਤਕ ਸ਼ਿਕਾਇਤ ਨਿਵਾਰਣ ਪੋਰਟਲ ਰਾਹੀਂ ਪੀਐੱਮਓ ( PMO) ਨੂੰ ਪੱਤਰ ਲਿਖਿਆ।
ਸੀਵਰੇਜ ਦੀ ਗੰਭੀਰ ਸਮੱਸਿਆ: ਚੰਦਰਸ਼ੇਖਰ ਨੇ ਲਿਖਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ (Serious sewage problem) ਸੀਵਰੇਜ ਦੀ ਗੰਭੀਰ ਸਮੱਸਿਆ ਹੈ। ਗੰਦੀ ਬਦਬੂ ਦੇ ਨਾਲ-ਨਾਲ ਵਧ ਰਹੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਣ ਉਸ ਦਾ ਇੱਥੇ ਰਹਿਣਾ ਮੁਸ਼ਕਲ ਹੋ ਰਿਹਾ ਸੀ। ਇਸ ਤੋਂ ਤੁਰੰਤ ਬਾਅਦ ਪੀਐੱਮਓ ਨੇ ਸਰਕਾਰ ਦੀ ਸਕੱਤਰ ਸੁਸ਼ੀਲਾ ਨੂੰ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀ ਨੇ ਬਦਲੇ ਵਿੱਚ ਮੰਡਿਆ ਤਾਲੁਕ ਪੰਚਾਇਤ ਨੂੰ ਉਸਾਰੀ ਦਾ ਕੰਮ ਸ਼ੁਰੂ ਕਰਨ ਲਈ ਸੂਚਿਤ ਕੀਤਾ।
ਚੰਦਰਸ਼ੇਖਰ ਬੇਂਗਲੁਰੂ ਵਿੱਚ ਇੱਕ ਕੰਪਨੀ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਹੈ ਅਤੇ ਕੋਵਿਡ ਮਹਾਂਮਾਰੀ ਤੋਂ ਬਾਅਦ ਘਰ ਤੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਡਨੂਰ ਗ੍ਰਾਮ ਪੰਚਾਇਤ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਨਿਕਾਸੀ ਦੇ ਬਾਕੀ ਬਚੇ ਹਿੱਸੇ ਦੀ ਉਸਾਰੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿੰਡ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਕੰਮ ਸ਼ੁਰੂ ਕੀਤਾ ਜਾਵੇਗਾ ਪਰ ਸਥਾਨਕ ਸਿਆਸਤ ਕਾਰਨ ਕੁਝ ਨਹੀਂ ਹੋਇਆ। ਇਸ ਸਬੰਧੀ ਉਨ੍ਹਾਂ ਨੇ ਮੰਡੀਆ ਜ਼ਿਲ੍ਹਾ ਪੰਚਾਇਤ ਸ਼ਿਕਾਇਤ ਅਥਾਰਟੀ (District Panchayat Grievance Authority) ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਚੰਦਰਸ਼ੇਖਰ ਨੇ ਕਿਹਾ ਕਿ ਸਕੱਤਰ ਦੇ ਹੁਕਮਾਂ ਅਨੁਸਾਰ 9 ਨਵੰਬਰ ਨੂੰ ਕੰਮ ਸ਼ੁਰੂ ਕੀਤਾ ਗਿਆ ਸੀ। ਫਿਲਹਾਲ ਸਿਰਫ ਅੱਧਾ ਕੰਮ ਹੀ ਹੋਇਆ ਹੈ। 30 ਮੀਟਰ ਡਰੇਨ ਬਣਾਉਣ ਦੀ ਬਜਾਏ ਸਿਰਫ 10 ਮੀਟਰ ਦਾ ਕੰਮ ਹੀ ਪੂਰਾ ਹੋਇਆ ਹੈ।