ਗੁਜਰਾਤ: ਸੋਮਵਾਰ ਨੂੰ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਲਿੰਬਾਂਸੀ ਹਾਈ ਸਕੂਲ ਵਿਖੇ ਸਨੇਹ ਨਾਮ ਦੇ ਵਿਦਿਆਰਥੀ ਦੀ ਤਬੀਅਤ ਖ਼ਰਾਬ ਹੋ ਗਈ।ਸਕੂਲ ਵੱਲੋਂ ਐਂਬੂਲੈਂਸ ਨੂੰ ਬੁਲਾਈ ਗਈ। ਵਿਦਿਆਰਥੀ ਨੂੰ ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਆਖਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ। ਇਸ ਤੋਂ ਪਹਿਲਾਂ ਅਹਿਮਦਾਬਾਦ ਵਿੱਚ ਸ਼ੇਖ ਮੁਹੰਮਦ ਅਮਨ ਆਰਿਫ ਨਾਮ ਦੇ ਵਿਦਿਆਰਥੀ ਦੀ ਵੀ ਬੋਰਡ ਦੀ ਪ੍ਰੀਖਿਆ ਦਿੰਦੇ ਸਮੇਂ ਤਬੀਅਤ ਖ਼ਰਾਬ ਹੋ ਗਈ ਸੀ।
ਹਾਲਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਭੇਜਿਆ ਗਿਆ। ਵਿਦਿਆਰਥੀ ਨੂੰ ਵੈਂਟੀਲੇਟਰ ਉੱਪਰ ਰੱਖਿਆ ਗਿਆ ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ। ਹਸਪਤਾਲ ਮੁਤਾਬਿਕ ਉਸ ਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਸੀ। ਇਸੇ ਤਰ੍ਹਾਂ ਇੱਕ ਹੋਰ ਘਟਨਾ ਹੋਈ ਹੈ ਜਿਸ 'ਚ ਉਤਸਵ ਸ਼ਾਹ ਨਾਮ ਦੇ ਇੱਕ ਵਿਦਿਆਰਥੀ ਦੀ ਪ੍ਰੀਖਿਆ ਤੋਂ ਪਹਿਲਾਂ ਮੌਤ ਹੋ ਗਈ।18 ਸਾਲ ਦੇ ਉਤਸਵ ਦੀ ਪੇਪਰ ਤੋਂ ਪਹਿਲਾਂ ਤਬੀਅਤ ਖ਼ਰਾਬ ਹੋਈ।
ਪਰਿਵਾਰ ਮੁਤਾਬਕ ਉਸ ਦੀ ਛਾਤੀ ਵਿੱਚ ਦਰਦ ਹੋਇਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਉਤਸਵ ਦੇ ਪਿਤਾ ਮੁਤਾਬਕ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਦੇ ਨਾਲ ਹੀ ਦੋ ਅਜਿਹੇ ਹੋਰ ਮਾਮਲੇ ਵੀ ਸਾਹਮਣੇ ਆਏ ਹਨ ਜਿਸ ਵਿੱਚ ਪੇਪਰ ਦੌਰਾਨ ਬੱਚੇ ਬੇਹੋਸ਼ ਹੋਏ। ਇਨ੍ਹਾਂ ਵਿੱਚ ਇੱਕ ਅਹਿਮਦਾਬਾਦ ਦੀ 10ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਇੱਕ 12ਵੀਂ ਜਮਾਤ ਦਾ ਵਿਦਿਆਰਥੀ। ਇਹ ਦੋਹੇਂ ਬੇਹੋਸ਼ ਹੋਏ ਸਨ ਪਰ ਬਾਅਦ ਵਿੱਚ ਇਹਨਾਂ ਦੀ ਜਾਨ ਬਚਾ ਲਈ ਗਈ।
'ਸਿੱਧੇ ਤੌਰ 'ਤੇ ਤਣਾਅ ਨਾਲ ਨਹੀਂ ਰੁਕ ਸਕਦੀ ਦਿਲ ਦੀ ਧੜਕਣ' ਬੋਰਡ ਪ੍ਰੀਖਿਆਵਾਂ ਵਿੱਚ ਇਸ ਤਰ੍ਹਾਂ ਬੱਚਿਆਂ ਦੀ ਮੌਤ ਹੈਰਾਨੀਜਨਕ ਹੈ। ਇਸ ਤਰ੍ਹਾਂ ਦੇ ਕੇਸ ਪਹਿਲਾਂ ਸਾਹਮਣੇ ਨਹੀਂ ਆਏ। ਅਹਿਮਦਾਬਾਦ ਵਿਖੇ ਸੀਨੀਅਰ ਸਰਜਨ ਡਾਕਟਰ ਸੁਕੁਮਾਰ ਮਹਿਤਾ ਨੇ ਪੱਤਰਕਾਰਾ ਨੂੰ ਦੱਸਿਆ ਕਿ "ਇਸ ਗੱਲ ਬਾਰੇ ਸ਼ੱਕ ਹੈ ਕਿ ਇਨ੍ਹਾਂ ਸਾਰੇ ਬੱਚਿਆਂ ਦੀ ਮੌਤ ਦਿਲ ਦੇ ਦੌਰੇ ਨਾਲ ਹੀ ਹੋਈ।
ਬਿਨਾਂ ਪੋਸਟਮਾਰਟਮ ਤੋਂ ਅਸੀਂ ਨਹੀਂ ਕਹਿ ਸਕਦੇ ਕਿ ਇਹ ਮੌਤਾਂ ਅਚਾਨਕ ਦਿਲ ਦੇ ਦੌਰੇ ਨਾਲ ਹੋਈਆਂ ਹਨ।" "ਇਸ ਦੇ ਹੋਰ ਵੀ ਕਾਰਨ ਹੋ ਸਕਦੇ ਹਨ। ਇਸ ਗੱਲ ਦੀ ਜਾਂਚ ਵੀ ਕਰਨੀ ਪਵੇਗੀ ਕਿ ਕਿਤੇ ਇਹ ਬੱਚੇ ਤੰਬਾਕੂ ਦੀ ਵਰਤੋਂ ਤਾਂ ਨਹੀਂ ਸੀ ਕਰ ਰਹੇ।ਛੋਟੀ ਉਮਰ ਵਿੱਚ ਤੰਬਾਕੂ ਕਾਰਨ ਵੀ ਮੌਤ ਹੋ ਸਕਦੀ ਹੈ ਕਿਉਂਕਿ ਇਹ ਨਾੜਾਂ ਨੂੰ ਬਲਾਕ ਕਰ ਦਿੰਦਾ ਹੈ।"
ਇਹ ਵੀ ਪੜ੍ਹੋ: J&K Encounter : ਕੁਲਗਾਮ, ਅਨੰਤਨਾਗ ਮੁੱਠਭੇੜ ’ਚ ਲਸ਼ਕਰ ਦੇ 2 ਅੱਤਵਾਦੀ ਢੇਰ