ਹੈਦਰਾਬਾਦ: ਅੱਜ ਭਾਰਤ 'ਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਮੌਕੇ ਗੂਗਲ ਨੇ ਵੀ ਆਪਣੇ ਡੂਡਲ ਰਾਹੀ 2024 ਭਾਰਤ ਚੋਣਾਂ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਅੱਜ ਗੂਗਲ ਡੂਡਲ 'ਤੇ ਕਲਿੱਕ ਕਰਨ ਦੇ ਨਾਲ ਹੀ ਗੂਗਲ ਦੁਨੀਆਂ ਭਰ 'ਚ ਮੌਜ਼ੂਦ ਆਪਣੇ ਯੂਜ਼ਰਸ ਨੂੰ ਭਾਰਤ 'ਚ ਹੋ ਰਹੀਆਂ ਚੋਣਾਂ ਦੀ ਜਾਣਕਾਰੀ ਦੇ ਰਿਹਾ ਹੈ। ਗੂਗਲ ਆਪਣੇ ਖਾਸ ਡੂਡਲ ਦੇ ਨਾਲ ਵੋਟਰਾਂ ਨੂੰ ਜ਼ਰੂਰੀ ਤਰੀਕਾਂ, ਪੋਲ, ਵੋਟ ਕਿਵੇਂ ਪਾਉਣੀ ਹੈ ਅਤੇ ਰਜਿਸਟਰੇਸ਼ਨ ਕਿਵੇਂ ਕਰਨੀ ਹੈ ਵਰਗੀ ਜਾਣਕਾਰੀ ਦੇ ਰਿਹਾ ਹੈ।
ਗੂਗਲ ਡੂਡਲ ਵੋਟਾਂ ਬਾਰੇ ਦੇ ਰਿਹਾ ਜਾਣਕਾਰੀ: ਅੱਜ ਗੂਗਲ ਆਪਣੇ ਡੂਡਲ ਰਾਹੀ ਵੋਟਾਂ ਬਾਰੇ ਜਾਣਕਾਰੀ ਦੇ ਰਿਹਾ ਹੈ। ਭਾਰਤ ਦੇ ਚੋਣ ਕਮਿਸ਼ਨ ਤੋਂ ਲਈ ਗਈ ਜਾਣਕਾਰੀ ਦੇ ਨਾਲ ਗੂਗਲ ਦੱਸਦਾ ਹੈ ਕਿ ਤੁਸੀਂ ਆਪਣੀ ਵੋਟ ਤਾਂ ਹੀ ਪਾ ਸਕਦੇ ਹੋ ਜੇਕਰ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਹੈ। ਇਸ ਤੋਂ ਇਲਾਵਾ, ਗੂਗਲ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਸਭ ਤੋਂ ਪਹਿਲਾਂ ਪੋਲਿੰਗ ਕਰਮਚਾਰੀ ਵੋਟਰ ਸੂਚੀ ਵਿੱਚ ਨਾਮ ਦੀ ਜਾਂਚ ਕਰਦੇ ਹਨ ਅਤੇ ਪਛਾਣ ਪੱਤਰ ਦੀ ਜਾਂਚ ਕਰਦੇ ਹਨ। ਇਸ ਤੋਂ ਬਾਅਦ ਦੂਜਾ ਪੋਲਿੰਗ ਕਰਮਚਾਰੀ ਉਂਗਲ 'ਤੇ ਸਿਆਹੀ ਲਗਾਉਦਾ ਹੈ ਅਤੇ ਇੱਕ ਪਰਚੀ ਦਿੰਦਾ ਹੈ, ਜਿਸ ਤੋਂ ਬਾਅਦ ਉਹ ਇੱਕ ਰਜਿਸਟਰ 'ਤੇ ਦਸਤਖਤ ਲੈਂਦਾ ਹੈ। ਇਸ ਪਰਚੀ ਨੂੰ ਤੀਜੇ ਪੋਲਿੰਗ ਕਰਮਚਾਰੀ ਦੇ ਕੋਲ੍ਹ ਜਮ੍ਹਾਂ ਕਰਵਾਉਣਾ ਹੁੰਦਾ ਹੈ ਅਤੇ ਸਿਆਹੀ ਲੱਗੀ ਉਂਗਲੀ ਦਿਖਾਉਣੀ ਹੁੰਦੀ ਹੈ। ਇਸ ਤੋਂ ਬਾਅਦ ਪੋਲਿੰਗ ਬੂਥ 'ਤੇ ਜਾਣਾ ਹੋਵੇਗਾ। ਫਿਰ EVM 'ਤੇ ਆਪਣੇ ਪਸੰਦ ਦੇ ਉਮੀਦਵਾਰ ਦੇ ਪ੍ਰਤੀਕ ਸਾਹਮਣੇ ਦੇ ਬੈਲੇਟ ਬਟਨ ਨੂੰ ਦਬਾ ਕੇ ਵੋਟ ਦਰਜ ਕਰਨੀ ਹੁੰਦੀ ਹੈ। ਇਸ ਤੋਂ ਬਾਅਦ VVPAT ਮਸ਼ੀਨ ਦੀ ਪਾਰਦਰਸ਼ੀ ਵਿੰਡੋ 'ਤੇ ਦਿਖਾਈ ਦੇਣ ਵਾਲੀ ਸਲਿੱਪ ਨੂੰ ਚੈੱਕ ਕਰਨਾ ਹੋਵੇਗਾ। ਉਮੀਦਵਾਰ ਦਾ ਸੀਰੀਅਲ ਨੰਬਰ, ਨਾਮ ਅਤੇ ਚਿੰਨ੍ਹ ਵਾਲੀ ਇਹ ਪਰਚੀ 7 ਸਕਿੰਟਾਂ ਲਈ ਦਿਖਾਈ ਦਿੰਦੀ ਹੈ ਅਤੇ ਫਿਰ ਇਹ ਸੀਲਬੰਦ VVPAT ਬਾਕਸ ਵਿੱਚ ਡਿੱਗ ਜਾਂਦੀ ਹੈ। ਜੇਕਰ ਤੁਸੀਂ ਕੋਈ ਉਮੀਦਵਾਰ ਨਹੀਂ ਚਾਹੁੰਦੇ ਹੋ, ਤਾਂ ਤੁਸੀਂ NOTA ਬਟਨ ਵੀ ਦਬਾ ਸਕਦੇ ਹੋ। ਇਹ ਈਵੀਐਮ ਮਸ਼ੀਨ ਦਾ ਆਖਰੀ ਬਟਨ ਹੁੰਦਾ ਹੈ।