ਲੁਧਿਆਣਾ: ਕਹਿੰਦੇ ਨੇ ਹਿੰਮਤ ਅਤੇ ਹੌਂਸਲਾ ਹੋਵੇ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ। ਇਸ ਦੀ ਮਿਸਾਲ ਲੁਧਿਆਣਾ ਦੀਆਂ ਦੋ ਮਹਿਲਾਵਾਂ ਹਨ, ਜੋ ਖੁਦ ਐਲ.ਪੀ.ਜੀ ਗੈਸ ਏਜੰਸੀ ਚਲਾ ਰਹੀਆਂ ਹਨ। ਲੋਕਾਂ ਦੇ ਘਰ-ਘਰ ਜਾ ਕੇ ਇਹ ਔਰਤਾਂ ਗੈਸ ਸਿਲੰਡਰ ਦੀ ਡਿਲੀਵਰੀ ਕਰਦੀਆਂ ਹਨ। ਦੱਸ ਦਈਏ ਕਿ ਸ਼ਿਵ ਪੂਰੀ ਨੇੜੇ ਸਥਿਤ ਅਰੁਣ ਗੈਸ ਏਜੰਸੀ 'ਚ ਪੂਜਾ ਅਤੇ ਰੁਪਾਲੀ ਨਾਮ ਦੀਆਂ ਔਰਤਾਂ ਗੈਸ ਦੀ ਬੁਕਿੰਗ ਦਾ ਕੰਮ ਕਰਦੀਆਂ ਹਨ। ਇਸਦੇ ਨਾਲ ਹੀ, ਦੋਵੇਂ ਖੁਦ ਹੀ ਸਿਲੰਡਰ ਦੀ ਡਿਲੀਵਰੀ ਵੀ ਕਰਦੀਆਂ ਹਨ। ਕਦੇ ਬੈਟਰੀ ਵਾਲੇ ਰਿਕਸ਼ੇ 'ਤੇ ਅਤੇ ਕਦੇ ਸਕੂਟਰ 'ਤੇ ਇਕੱਲੇ ਹੀ ਕਈ ਸਿਲੰਡਰ ਲੈਕੇ ਲੋਕਾਂ ਤੱਕ ਰਸੋਈ ਗੈਸ ਪਹੁੰਚਾਉਂਦੀਆਂ ਹਨ। ਪੂਜਾ ਅਤੇ ਰੁਪਾਲੀ ਕਾਫੀ ਸਮੇਂ ਤੋਂ ਇੱਥੇ ਕੰਮ ਕਰ ਰਹੀਆਂ ਹਨ। 29 ਕਿੱਲੋ ਦਾ ਸਿਲੰਡਰ ਉਹ ਅਸਾਨੀ ਨਾਲ ਨਾ ਸਿਰਫ ਚੁੱਕਦਿਆਂ ਸਗੋਂ ਲੋੜ ਪੈਣ 'ਤੇ ਪਹਿਲੀ ਦੂਜੀ ਮੰਜ਼ਿਲ ਤੱਕ ਵੀ ਚੜਾ ਦਿੰਦਿਆਂ ਹਨ।
ਸਿਲੰਡਰ ਡਿਲੀਵਰੀ ਕਰਨ ਵਾਲੀ ਪੁਜਾ ਚਾਵਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਦਾ ਹੱਥ ਵਟਾਉਣ ਦੇ ਉਦੇਸ਼ ਨਾਲ ਕੰਮ ਕਰ ਰਹੀ ਹੈ, ਜਿਸ ਕਰਕੇ ਉਸ ਨੂੰ ਕੰਮ ਕਰਨ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਹੁੰਦੀ। ਉਸ ਨੇ ਕਿਹਾ ਕਿ ਉਹ ਛੇ ਮਹੀਨਿਆਂ ਤੋਂ ਕੰਮ ਕਰ ਰਹੀ ਹੈ। ਇਸਦੇ ਨਾਲ ਹੀ ਪਰਿਵਾਰ ਦਾ ਖਰਚਾ ਚੱਲਦਾ ਹੈ ਅਤੇ ਪਤੀ ਦੀ ਮਦਦ ਵੀ ਹੋ ਜਾਂਦੀ ਹੈ। ਅੱਗੇ ਗੱਲ੍ਹ ਕਰਦੇ ਹੋਏ ਉਸ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਦੋ ਜਾਣੇ ਮਿਲ ਕੇ ਵੀ ਘਰ ਦਾ ਖਰਚਾ ਨਹੀਂ ਚੁੱਕ ਪਾਉਂਦੇ ਹਨ। ਪੂਜਾ ਚਾਵਲਾਂ ਨੇ ਦੱਸਿਆ ਕਿ ਕੰਮ ਕਰਨਾ ਉਸ ਦੀ ਕੋਈ ਮਜਬੂਰੀ ਨਹੀਂ ਹੈ। ਉਹ ਖੁਦ ਆਪਣੀ ਮਰਜ਼ੀ ਨਾਲ ਕੰਮ ਕਰ ਰਹੀ ਹੈ। ਉਹ ਜਰੂਰ ਬੰਦਿਆਂ ਵਾਲਾ ਕੰਮ ਕਰ ਰਹੀ ਹੈ ਪਰ ਜੋ ਮਰਦ ਕਰ ਸਕਦੇ ਹਨ, ਉਹ ਮਹਿਲਾਵਾਂ ਵੀ ਅੱਜ ਦੇ ਸਮੇਂ 'ਚ ਕਰ ਰਹੀਆਂ ਹਨ ਅਤੇ ਮਹਿਲਾਵਾਂ ਨੂੰ ਵੀ ਮੋਢੇ ਨਾਲ ਮੋਢਾ ਜੋੜ ਕੇ ਮਰਦਾਂ ਦੇ ਬਰਾਬਰ ਕੰਮ ਕਰਨ ਦਾ ਪੂਰਾ ਅਧਿਕਾਰ ਹੈ।
20 ਸਿਲੰਡਰ ਦੀ ਰੋਜ਼ਾਨਾ ਸਪਲਾਈ: ਪੂਜਾ ਨੇ ਦੱਸਿਆ ਕਿ ਉਹ ਸਕੂਟਰ 'ਤੇ ਦੋ-ਦੋ ਸਿਲੰਡਰ ਲੱਧ ਕੇ ਲੈ ਜਾਂਦੀ ਹੈ ਅਤੇ ਦਿਨ ਵਿੱਚ 20 ਤੋਂ ਲੈ ਕੇ 30 ਸਿਲੰਡਰ ਤੱਕ ਸਪਲਾਈ ਕਰ ਦਿੰਦੀ ਹੈ। ਤਨਖਾਹ ਉਸ ਨੂੰ ਏਜੰਸੀ ਵੱਲੋਂ ਦਿੱਤੀ ਜਾਂਦੀ ਹੈ ਅਤੇ ਕਦੇ ਵੀ ਉਹ ਕੰਮ ਤੋਂ ਪਿੱਛੇ ਨਹੀਂ ਹਟਦੀ। ਜਿੱਥੇ ਵੀ ਸਿਲਿੰਡਰ ਪਹੁੰਚਾਉਣਾ ਹੁੰਦਾ ਹੈ ਜਾ ਕੇ ਪਹੁੰਚਾ ਆਉਂਦੀ ਹੈ। ਲੋਕ ਉਸਨੂੰ ਵੇਖ ਕੇ ਇੱਕ ਵਾਰ ਹੈਰਾਨ ਤਾਂ ਜਰੂਰ ਹੁੰਦੇ ਹਨ ਪਰ ਤਰੀਫ਼ਾਂ ਵੀ ਕਰਦੇ ਹਨ। ਅੱਗੇ ਗੱਲ੍ਹ ਕਰਦੇ ਹੋਏ ਉਸਨੇ ਕਿਹਾ ਕਿ 29 ਕਿਲੋ ਦਾ ਸਿਲੰਡਰ ਮੋਢਿਆ 'ਤੇ ਚੁੱਕਣਾ ਕਿਸੇ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ, ਜੋ ਉਹ ਕਰਦੀ ਹੈ।
ਅਰੁਣ ਗੈਸ ਏਜੰਸੀ ਵਿੱਚ ਕੰਮ ਕਰਨ ਵਾਲੀ ਰੁਪਾਲੀ ਸ਼ਰਮਾ ਵੀ ਸਿਲੰਡਰ ਦੀ ਬੁਕਿੰਗ ਕਰਨ ਦੇ ਨਾਲ ਸਿਲੰਡਰ ਡਿਲੀਵਰੀ ਕਰਦੀ ਹੈ, ਇਥੋਂ ਤੱਕ ਕਿ ਉਸ ਨੂੰ ਬੈਟਰੀ ਵਾਲਾ ਰਿਕਸ਼ਾ ਚਲਾਉਣਾ ਵੀ ਆਉਂਦਾ ਹੈ। ਉਸ ਰਿਕਸ਼ੇ 'ਤੇ ਹੀ ਉਹ ਕਈ ਸਿਲੰਡਰ ਲੱਧ ਕੇ ਡਿਲੀਵਰੀ ਕਰਨ ਵੀ ਚਲੀ ਜਾਂਦੀ ਹੈ। ਗੱਲਬਾਤ ਕਰਦੇ ਹੋਏ ਉਸਨੇ ਕਿਹਾ ਕਿ ਸਾਡੀ ਏਜੰਸੀ ਦੇ ਮਾਲਕ ਨੇ ਕਦੇ ਵੀ ਕੋਈ ਫਰਕ ਨਹੀਂ ਸਮਝਿਆ। ਉਹ ਸਾਨੂੰ ਪੂਰਾ ਸਮਰਥਨ ਦਿੰਦੇ ਹਨ ਅਤੇ ਸਾਨੂੰ ਕੰਮ ਕਰਨ ਦੀ ਖੁੱਲ ਹੈ।
50 ਹਜ਼ਾਰ ਉਜਵਲ ਸਕੀਮ ਕੁਨੈਕਸ਼ਨ: ਪੂਜਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਗੈਸ ਏਜੰਸੀ ਹੁਣ ਤੱਕ 50 ਹਜ਼ਾਰ ਉਜਵਲਾ ਯੋਜਨਾ ਦੇ ਤਹਿਤ ਸਿਲੰਡਰਾਂ ਦੀ ਰਜਿਸਟਰੇਸ਼ਨ ਕਰਵਾ ਚੁੱਕੀ ਹੈ, ਜਿਸ ਨਾਲ ਮਹਿਲਾਵਾਂ ਨੂੰ ਜਿੱਥੇ ਚੂਲੇ ਤੋਂ ਮੁਕਤੀ ਮਿਲੀ ਹੈ, ਉੱਥੇ ਹੀ ਉਹ ਅੱਜ ਆਪਣੇ ਸਿਲੰਡਰ ਨਾਲ ਘਰ ਵਿੱਚ ਖਾਣਾ ਪਕਾ ਰਹੀਆਂ ਹਨ ਅਤੇ ਪ੍ਰਦੂਸ਼ਣ ਘੱਟ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਵਿੱਚ ਵੀ ਇੱਕ ਵੱਖਰਾ ਰਿਕਾਰਡ ਬਣਾਇਆ ਹੈ।