ਚੰਡੀਗੜ੍ਹ: ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਕੌਮਾਂਤਰੀ ਪੱਧਰ ‘ਤੇ ਹੋਰ ਪ੍ਰਫੁੱਲਤ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਸੈਕਟਰ 38 ਵਿਖੇ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਦਫਤਰ ਵਿਖੇ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਸੌਂਦ ਨੇ ਨਿਰਦੇਸ਼ ਦਿੱਤੇ ਕਿ ਪੰਜਾਬ ਵਿਚ ਸੈਰ-ਸਪਾਟੇ ਦੇ ਖੇਤਰ ਵਿੱਚ ਅਸੀਮ ਸੰਭਾਵਨਾਂਵਾਂ ਹਨ ਅਤੇ ਧਾਰਮਿਕ ਖੇਤਰ ਦੇ ਨਾਲ-ਨਾਲ ਹੋਰਨਾਂ ਖੇਤਰਾਂ ਵਿੱਚ ਵੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਜਲਦ ਤਿਆਰ ਕੀਤੀ ਜਾਵੇ।
ਪੰਜਾਬ ਵਿਲੇਜ਼ ਟੂਰਿਜ਼ਮ ਨੂੰ ਹੁੰਗਾਰਾ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਵਿਲੇਜ਼ ਟੂਰਿਜ਼ਮ’ ਨੂੰ ਹੋਰ ਜ਼ਿਆਦਾ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਲੱਗਣ ਵਾਲੇ ਮੇਲਿਆਂ ਅਤੇ ਤਿਉਹਾਰਾਂ ਮੌਕੇ ਵੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਖਾਸ ਯਤਨ ਕੀਤੇ ਜਾ ਸਕਦੇ ਹਨ। ਸੌਂਦ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੀ ਜ਼ਿੰਦਗੀ ਦਾ ਤਜ਼ਰਬਾ ਲੈਣ ਵਾਲਿਆਂ ਲਈ ‘ਬੈੱਡ ਐਂਡ ਬ੍ਰੇਕਫਾਸਟ’ ਯੋਜਨਾ ਨੂੰ ਹੋਰ ਵੱਡੇ ਪੱਧਰ ‘ਤੇ ਪ੍ਰਚਾਰਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਾਣਾ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਅਤੇ ਬਹੁਤ ਸਾਰੇ ਸ਼ਹਿਰਾਂ ਵਿੱਚ ਲਜੀਜ਼ ਖਾਣ-ਪੀਣ ਦਾ ਜ਼ਾਇਕਾ ਚੱਖਿਆ ਜਾ ਸਕਦਾ ਹੈ। ਇਸ ਲਈ ‘ਫੂਡ ਟੂਰਿਜ਼ਮ’ ਦੇ ਖੇਤਰ ਵਿਚਲੀਆਂ ਸੰਭਾਵਨਾਂਵਾਂ ਨੂੰ ਵੀ ਤਲਾਸ਼ਿਆਂ ਜਾਣਾ ਚਾਹੀਦਾ ਹੈ।
ਮਸ਼ਹੂਰ ਤਿਉਹਾਰਾਂ ਅਤੇ ਮੇਲਿਆਂ ਨੂੰ ਮਨਾਉਣ ਦਾ ਖਾਕਾ
ਸੌਂਦ ਨੇ ਅੱਗੇ ਕਿਹਾ ਕਿ ਪੰਜਾਬ ਦੇ ਤਿਉਹਾਰ ਅਤੇ ਮੇਲੇ ਸਮਾਜਿਕ ਪੱਧਰ ‘ਤੇ ਖਾਸ ਸਥਾਨ ਰੱਖਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਮਸ਼ਹੂਰ ਤਿਉਹਾਰਾਂ ਅਤੇ ਮੇਲਿਆਂ ਨੂੰ ਵੱਡੀ ਪੱਧਰ ‘ਤੇ ਮਨਾਉਣ ਦਾ ਖਾਕਾ ਤਿਆਰ ਕੀਤਾ ਜਾਵੇ ਤਾਂ ਜੋ ਇਸ ਮੌਕੇ ਵੱਧ ਤੋਂ ਵੱਧ ਸੈਲਾਨੀਆਂ ਨੂੰ ਵੀ ਪੰਜਾਬ ਆਉਣ ਲਈ ਆਕਰਸ਼ਿਤ ਕੀਤਾ ਜਾ ਸਕੇ। ਉਨ੍ਹਾਂ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਨੂੰ ਆਨ ਲਾਈਨ ਅਤੇ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵੱਧ ਤੋਂ ਵੱਧ ਪ੍ਰਚਾਰਨ ਦੀਆਂ ਵੀ ਹਦਾਇਤਾਂ ਦਿੱਤੀਆਂ।
ਕਲਾਕਾਰਾਂ, ਨਾਟਕਕਾਰਾਂ ਤੇ ਅਣਗੌਲੇ ਗਾਇਕਾਂ-ਕਵੀਸ਼ਰਾਂ ਨੂੰ ਮੌਕੇ
ਮੀਟਿੰਗ ਦੌਰਾਨ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਸਥਾਨਕ ਕਲਾਕਾਰਾਂ ਤੇ ਨਾਟਕਕਾਰਾਂ ਅਤੇ ਅਣਗੌਲੇ ਗਾਇਕਾਂ-ਕਵੀਸ਼ਰਾਂ ਨੂੰ ਵਧੇਰੇ ਮੌਕੇ ਦੇਣ ਲਈ ਉੱਚ ਅਧਿਕਾਰੀਆਂ ਨੂੰ ਖਾਸ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੇ ਸਾਰੇ ਕਲਾਕਾਰਾਂ ਨੂੰ ਸਰਕਾਰੀ ਸਮਾਗਮਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੌਕੇ ਤੇ ਮਾਣ-ਸਨਮਾਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਅਜਿਹੇ ਸਾਰੇ ਕਲਾਕਾਰਾਂ ਨੂੰ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਪੋਰਟਲ ‘ਤੇ ਰਜਿਸਟਰ ਕੀਤਾ ਜਾਵੇ।
ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦਾ ਸਵਾਗਤੀ ਗੇਟ
ਇਸ ਮੌਕੇ ਹਰਿਆਣਾ ਸਾਈਡ ਤੋਂ ਪੰਜਾਬ ਵਿੱਚ ਦਾਖਲੇ ‘ਤੇ ‘ਐਂਟਰੀ ਗੇਟ’ ਬਣਾਉਣ ਅਤੇ ਸੁੰਦਰੀਕਰਨ ਬਾਬਤ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੌਂਦ ਨੇ ਕਿਹਾ ਕਿ ਜੀ.ਟੀ.ਰੋਡ ‘ਤੇ ਪੰਜਾਬ ਵਿੱਚ ਦਾਖਲ ਹੋਣ ਸਮੇਂ ਪੰਜਾਬ ਦੇ ਸੱਭਿਆਚਾਰ, ਵਿਰਸੇ ਅਤੇ ਸਮਾਜਕ ਤਾਣੇ-ਬਾਣੇ ਨੂੰ ਦਰਸਾਉਂਦਾ ਗੇਟ ਅਤੇ ਬੁੱਤ ਲਗਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਵੀ ਇੱਕ ਵਿਲੱਖਣ ਯਾਦਗਾਰ ਬਣਾਉਣ ਦੀ ਯੋਜਨਾ ਨੂੰ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਵਿਕਾਸ ਲਈ ਕੇਂਦਰ ਨਾਲ ਬੇਹਤਰ ਤਾਲਮੇਲ
ਸੈਰ ਸਪਾਟਾ ਮੰਤਰੀ ਨੇ ਮੀਟਿੰਗ ਦੌਰਾਨ ਵੱਖ-ਵੱਖ ਪ੍ਰੋਜੈਕਟਾਂ ਅਤੇ ਵਿਭਾਗ ਦੀਆਂ ਜਾਇਦਾਦਾਂ ਬਾਬਤ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਕੇਂਦਰ ਨਾਲ ਬੇਹਤਰ ਤਾਲਮੇਲ ਕਰਕੇ ਸਾਰਥਕ ਨਤੀਜੇ ਲਿਆਂਦੇ ਜਾਣ। ਇਸ ਦੇ ਨਾਲ ਹੀ ਕੇਂਦਰ ਦੀਆਂ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਦੀਆਂ ਨੀਤੀਆਂ ਤੇ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਵੀ ਹਦਾਇਤ ਕੀਤੀ। ਮੀਟਿੰਗ ਵਿਚ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਸਿੰਘ ਤੋਂ ਇਲਾਵਾ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।