ਲੁਧਿਆਣਾ: ਪੰਜਾਬ 'ਚ ਜਿੱਥੇ ਇਕ ਪਾਸੇ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। 150 ਬਲਾਕਾਂ ਚੋਂ 117 ਬਲਾਕ ਦਾ ਪਾਣੀ ਡਾਰਕ ਜ਼ੋਨ ਵਿਚ ਜਾ ਚੁੱਕਾ ਹੈ। ਉੱਥੇ ਹੀ, ਪਾਣੀ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ। ਸਾਡੇ ਦਰਿਆ ਦੇ ਪਾਣੀਆਂ ਨਾਲ ਧਰਤੀ ਹੇਠਲੇ ਪਾਣੀਆਂ ਨੂੰ ਵੀ ਇਸ ਆਪਣੇ ਮੁਫ਼ਾਦ ਦੇ ਲਈ ਪ੍ਰਦੂਸ਼ਿਤ ਕਰ ਦਿੱਤਾ ਹੈ ਜਿਸ ਦਾ ਨਤੀਜਾ ਪੰਜਾਬ ਚ ਵੱਧ ਰਿਹਾ ਕਾਲਾ ਪੀਲੀਆ ਅਤੇ ਕੈਂਸਰ ਹੈ। ਬਠਿੰਡਾ ਤੋਂ ਰਾਜਸਥਾਨ ਜਾਣ ਵਾਲੀ ਕੈਂਸਰ ਟ੍ਰੇਨ ਬਾਰੇ ਸਭ ਜਾਣਦੇ ਨੇ ਜਿਸ ਲਈ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਕਿਸਾਨਾਂ ਨੇ ਜਿੰਮੇਵਾਰ ਦੱਸਿਆ ਅਤੇ ਇਸ ਖਿਲਾਫ ਮੁਹਿੰਮ ਸ਼ੁਰੂ ਕਰਨ ਦੀ ਗੱਲ ਕਹੀ ਹੈ।
ਕੀ ਕਹਿੰਦੇ ਨੇ ਅੰਕੜੇ: ਜੇਕਰ ਆਈ ਸੀਐਮਆਰ, ਇੰਡੀਅਨ ਕੈਂਸਰ ਰਜਿਸਟਰੀ ਪ੍ਰੋਗਰਾਮ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੇ ਵੱਲੋਂ ਜਾਰੀ ਕੀਤੇ ਗਏ 2022 ਤੱਕ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ, ਤਾਂ 2020 ਵਿੱਚ ਭਾਰਤ ਅੰਦਰ ਕੈਂਸਰ ਦੇ ਨਾਲ 7.70 ਲੱਖ ਮੌਤਾਂ ਹੋ ਚੁੱਕੀਆਂ ਹਨ, ਜਦਕਿ ਸਾਲ 2021 ਦੇ 7.89 ਲੱਖ ਮੌਤਾਂ ਕੈਂਸਰ ਦੇ ਕਾਰਨ ਹੋਈਆਂ ਸਨ। ਇਸੇ ਤਰ੍ਹਾਂ ਸਾਲ 2022 ਵਿੱਚ 8.08 ਲੱਖ ਕੈਂਸਰ ਪੀੜਿਤਾਂ ਦੀ ਮੌਤ ਦੇਸ਼ ਚ ਹੋਈ ਹੈ। ਇਸ ਵਿਚ ਪੰਜਾਬ ਵੀ ਪਿੱਛੇ ਨਹੀਂ ਹੈ। 2021 'ਚ ਪੰਜਾਬ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹਜ਼ਾਰ, 786 ਸੀ, ਜਦਕਿ 2022 ਵਿੱਚ ਇਹ ਗਿਣਤੀ 23 ਹਜ਼ਾਰ, 301 ਤੱਕ ਪੁੱਜ ਗਈ। ਇਸ ਤਰ੍ਹਾਂ ਕਾਲਾ ਪੀਲੀਆ ਦੇ ਵੀ ਹਾਲਾਤ ਮਾੜੇ ਹਨ। ਖਾਸ ਕਰਕੇ ਪ੍ਰਦੂਸ਼ਿਤ ਪਾਣੀ ਕਰਕੇ ਕਾਲਾ ਪੀਲੀਆ ਦੇ ਲੋਕ ਸ਼ਿਕਾਰ ਹੋ ਰਹੇ ਹਨ।
ਕਿਸਾਨ ਲਾਉਣਗੇ ਮੋਰਚਾ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਲਈ ਪਾਣੀ ਦਾ ਮੁੱਦਾ ਗੰਭੀਰ ਮੁੱਦਾ ਜਿਸ ਲਈ ਕਿਸਾਨ ਲਗਾਤਾਰ ਕਰ ਰਹੇ ਚਰਚਾ। ਉਨ੍ਹਾਂ ਕਿਹਾ ਕਿ 18 ਤਰੀਕ ਨੂੰ ਸੱਦੀ ਗਈ ਵਿਸ਼ੇਸ਼ ਮੀਟਿੰਗ ਜਿਸ ਤੋਂ ਬਾਅਦ ਕਿਸਾਨ ਪੱਕਾ ਮੋਰਚਾ (Farmers Protest) ਲਗਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੇ ਮੁੱਦੇ ਉੱਪਰ ਗੁੰਮਰਾਹ ਕੀਤਾ ਜਾ ਰਿਹਾ, ਪਰਾਲੀ ਦਾ ਪ੍ਰਦੂਸ਼ਣ ਕੁੱਲ ਪ੍ਰਦੂਸ਼ਣ ਦਾ ਸਿਰਫ 7% , ਅਤੇ ਬਾਕੀ 93% ਪ੍ਰਦੂਸ਼ਣ ਫੈਕਟਰੀਆਂ ਦਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਲੇ ਪੀਲੀਏ ਵਿੱਚ ਵੀ ਪਹਿਲੇ ਨੰਬਰ ਉੱਤੇ ਆ ਗਿਆ ਹੈ। ਕਿਸਾਨ ਆਗੂ ਰਾਜੇਵਾਲ ਨੇ ਬੋਲਦੇ ਹੋਏ ਕਿਹਾ ਕਿ ਪਾਰਲੀਮੈਂਟ ਵਿੱਚ ਵੀ ਕੇਂਦਰ ਸਰਕਾਰ ਨੇ ਇਹ ਮੰਨਿਆ ਕਿ ਪੰਜਾਬ ਉੱਤੇ ਗੰਭੀਰ ਪਾਣੀ ਦਾ ਖ਼ਤਰਾ ਮੰਡਰਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 100 ਫੁੱਟ ਥੱਲੇ ਪਾਣੀ ਪੀਣ ਯੋਗ ਨਹੀਂ ਹੈ ਅਤੇ ਨਾ ਹੀ ਫਸਲਾਂ ਲਈ ਵਰਤਣ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਧਰਤੀ ਵਿੱਚ ਗੰਦਲਾ ਪਾਣੀ ਪਾ ਰਹੀ ਹੈ ਜਿਸ ਨੂੰ ਲੈ ਕੇ ਸਰਕਾਰ ਨੂੰ ਕੁਝ ਕਰਨਾ ਪਵੇਗਾ, ਜੇਕਰ ਸਰਕਾਰ ਨਹੀਂ ਕਰਦੀ ਤਾਂ ਮੋਰਚੇ ਦੀ ਡੇਟ ਅਨਾਉਂਸ ਕੀਤੀ ਜਾਵੇਗੀ।
ਪ੍ਰਦੂਸ਼ਣ ਲਈ ਇੰਡਸਟਰੀ ਨੂੰ ਦੱਸਿਆ ਜਿੰਮੇਵਾਰ: ਕਿਸਾਨ ਆਗੂ ਰਾਜੇਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਦਾ ਪਾਣੀ ਖਤਮ ਹੋਣ ਦੀ ਕਗਾਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਦਾ ਕੀਤਾ ਵਾਅਦਾ ਜੇਕਰ ਪਾਣੀ ਨਹੀਂ ਪਹੁੰਚਦਾ, ਤਾਂ ਕਿਸਾਨ ਨਹੀਂ ਬਚ ਸਕਦੇ। ਇਸ ਮੌਕੇ ਬੋਲਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਫੈਕਟਰੀਆਂ ਵੱਲੋਂ ਲਗਾਤਾਰ ਹੇਠੋਂ ਪਾਣੀ ਕੱਢਿਆ ਜਾ ਰਿਹਾ ਹੈ ਤੇ ਗੰਧਲਾ ਪਾਣੀ ਧਰਤੀ ਵਿੱਚ ਪਾਇਆ ਜਾ ਰਿਹਾ ਹੈ।
ਰਾਜੇਵਾਲ ਨੇ ਕਿਹਾ ਕਿ ਇਸ ਵਾਰ ਝੋਨੇ ਦੀ ਫਸਲ ਬਰਸਾਤੀ ਪਾਣੀ ਨਾਲ ਹੋਈ ਹੈ ਅਤੇ ਕਣਕ ਦੀ ਫਸਲ ਨੂੰ ਸਿਰਫ ਦੋ ਵਾਰ ਪਾਣੀ ਲੱਗਦਾ ਹੈ। ਕਿਸਾਨਾਂ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਇੰਡਸਟਰੀ ਧਰਤੀ ਦੀ ਹੇਠਲੇ ਪਾਣੀ ਲਈ ਜਿੰਮੇਵਾਰ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਾਣੀਆਂ ਦੀ ਲੜਾਈ ਲਗਾਤਾਰ ਲੜੀ ਜਾ ਰਹੀ ਹੈ ਤੇ ਉਹ ਮਰਦੇ ਦਮ ਤੱਕ ਲੜਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜੇਕਰ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਂਦੀ ਹੈ, ਤਾਂ ਪੰਜਾਬ ਦਾ ਪਾਣੀ ਕਦੇ ਵੀ ਖ਼ਤਮ ਨਹੀਂ ਹੋਵੇਗਾ। ਪਰ, ਜੇਕਰ ਪੰਜਾਬ ਦਾ ਨਹਿਰੀ ਪਾਣੀ ਹੋਰਾਂ ਸੂਬਿਆਂ ਨੂੰ ਦਿੱਤਾ ਜਾਂਦਾ ਹੈ ਤੇ ਹੜ੍ਹ ਆਉਣ ਉੱਤੇ ਪੰਜਾਬ ਨੂੰ ਡੋਬਿਆ ਜਾਂਦਾ ਹੈ, ਤਾਂ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ।
ਪਾਣੀ ਦਾ ਪ੍ਰਦੂਸ਼ਣ ਗੰਭੀਰ ਮੁੱਦਾ: ਇਸ ਮੁੱਦੇ ਨੂੰ ਲੈ ਕੇ ਜਿੱਥੇ ਵਾਤਾਵਰਨ ਪ੍ਰੇਮੀ ਅਤੇ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਕਰਨਲ ਲੱਖਣਪਾਲ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਚੁੱਕਿਆ ਜਾ ਰਿਹਾ ਹੈ, ਇਹ ਕਦਮ ਬੇਹਦ ਜ਼ਰੂਰੀ ਹੈ ਅਤੇ ਇਸ ਨੂੰ ਕਈ ਸਾਲ ਪਹਿਲਾਂ ਹੀ ਚੁੱਕਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਕਾਫੀ ਸਾਲਾਂ ਤੋਂ ਇਸ ਦੀ ਗੱਲ ਕਰ ਰਹੇ ਹਾਂ, ਕਿਉਂਕਿ ਸਾਡਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਧਰਤੀ ਦਾ ਹੇਠਲਾ ਪਾਣੀ ਖ਼ਰਾਬ ਹੋ ਰਹੇ ਹਨ। ਇੰਡਸਟਰੀ ਇਸ ਲਈ ਕਿਤੇ ਨਾ ਕਿਤੇ ਜ਼ਰੂਰ ਜਿੰਮੇਵਾਰ ਹੈ, ਕਿਉਂਕਿ ਉਨ੍ਹਾਂ ਵੱਲੋਂ ਜ਼ਰੂਰੀ ਨਿਯਮਾਂ ਨਰੀ ਪਾਲਣਾ ਨਹੀਂ ਕੀਤੀ ਗਈ।
ਲੱਖਣਪਾਲ ਕਿਹਾ ਇੱਥੋਂ ਤੱਕ ਕਿ ਜਿਹੜੇ ਲੋਕ ਮੱਛੀਆਂ ਦਾ ਸੇਵਨ ਕਰਦੇ ਹਨ ਅਤੇ ਦਰਿਆ ਦੀ ਮੱਛੀਆਂ ਖਾਂਦੇ ਹਨ। ਉਨ੍ਹਾਂ ਵਿੱਚ ਵੀ ਹੈਵੀ ਮੈਟਲ ਪਾਏ ਗਏ ਹਨ ਅਤੇ ਉਹੀ ਮੱਛੀਆਂ ਲੋਕ ਖਾ ਰਹੇ ਹਨ ਜਿਸ ਨਾਲ ਉਹ ਵੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਸ ਨੇ ਕਿਹਾ ਕਿ ਇਸ ਵੱਲ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ। ਵਿਕਾਸ ਦੇ ਨਾਂ ਉੱਤੇ ਵਿਨਾਸ਼ ਵੱਲ ਅਸੀਂ ਆਪਣੇ ਪੰਜਾਬ ਨੂੰ ਨਹੀਂ ਲੈ ਜਾ ਸਕਦੇ ਇਹ ਗੰਭੀਰ ਮੁੱਦਾ ਹੈ।
ਅਧਿਕਾਰੀਆਂ ਨੇ ਕਿਹਾ ਹੋਵੇਗੀ ਕਾਰਵਾਈ: ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਮੁੱਖ 12 ਕਪੜੇ ਰੰਗਣ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ। ਉਨ੍ਹਾਂ ਵੱਲੋਂ ਪਹਿਲਾਂ ਹੀ 31 ਮਾਰਚ 2024 ਤੱਕ ਦਾ ਸਮਾਂ ਲਿਆ ਹੋਇਆ ਹੈ, ਜੇਕਰ ਉਹ ਆਪਣੇ ਪ੍ਰਬੰਧ ਨਹੀਂ ਕਰਦੇ, ਤਾਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਰਿਸ਼ੀ ਨੇ ਕਿਹਾ ਇਸ ਤੋਂ ਇਲਾਵਾ ਜਿਹੜੀ ਕੱਪੜੇ ਰੰਗਣ ਦੀਆਂ ਹੋਰ ਫੈਕਟਰੀਆਂ ਹਨ, ਉਨ੍ਹਾਂ ਨੂੰ ਵੀ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਉੱਤੇ ਕਾਰਵਾਈ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਿਫਾਰਿਸ਼ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੋਰ ਕਰਕੇ ਉਸ ਵਿੱਚ ਸਿੱਧਾ ਗੰਦਾ ਪਾਣੀ ਪਾਉਣਾ ਵੀ ਕਾਨੂੰਨੀ ਤੌਰ ਉੱਤੇ ਜੁਰਮ ਹੈ। ਇਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।