ਲੁਧਿਆਣਾ: ਭਾਰਤ ਬੰਦ ਦਾ ਅਸਰ ਸਿੱਧੇ ਅਤੇ ਅਸਿੱਧੇ ਤੌਰ 'ਤੇ ਪੰਜਾਬ ਉੱਤੇ ਪੈ ਰਿਹਾ ਹੈ। ਖਾਸ ਕਰਕੇ ਜੇਕਰ ਮੰਡੀਆਂ ਦੀ ਗੱਲ ਕੀਤੀ ਜਾਵੇ, ਤਾਂ ਮੰਡੀਆਂ ਵਿੱਚ ਸਵੇਰ ਤੋਂ ਹੀ ਸਬਜ਼ੀ ਰੁਲ ਰਹੀਆਂ ਹਨ। ਨਾ ਹੀ ਸਬਜ਼ੀਆਂ ਖਰੀਦਣ ਲਈ ਖਰੀਦਦਾਰ ਆਏ ਅਤੇ ਨਾ ਹੀ ਬਾਹਰੋਂ ਆਉਣ ਵਾਲੀਆਂ ਸਬਜ਼ੀਆਂ ਆਈਆਂ ਜਿਸ ਕਰਕੇ ਨਾ ਸਿਰਫ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਇਜਾਫਾ ਹੋਇਆ ਹੈ, ਸਗੋ ਲੋਕਲ ਖਰੀਦਦਾਰ ਨਾ ਆਉਣ ਕਰਕੇ ਸਬਜ਼ੀਆਂ ਰੁਲ ਰਹੀਆਂ ਹਨ। ਜਿਹੜੀਆਂ ਫੜੀਆਂ ਵਾਲੇ ਵੀ ਅੱਜ ਸਬਜੀ ਮੰਡੀ ਵਿੱਚ ਸਬਜੀ ਲੈਣ ਲਈ ਨਹੀਂ ਪਹੁੰਚੇ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ 50 ਫੀਸਦੀ ਤੱਕ ਦਾ ਨੁਕਸਾਨ ਹੋਇਆ ਹੈ। ਇਸ ਸਮੇਂ ਤੱਕ ਅਕਸਰ ਹੀ ਮੰਡੀ ਦੇ ਵਿੱਚ ਜਿਆਦਾਤਰ ਸਮਾਨ ਵਿਕ ਜਾਂਦਾ ਸੀ, ਪਰ ਅੱਜ ਸਮਾਨ ਨਹੀਂ ਵਿਕ ਸਕਿਆ ਹੈ ਜਿਸ ਦਾ ਸਿੱਧਾ ਅਸਰ ਸਬਜੀ ਵਿਕਰੇਤਾਵਾਂ ਅਤੇ ਖਰੀਦਦਾਰਾਂ ਉੱਤੇ ਵੇਖਣ ਨੂੰ ਮਿਲਿਆ ਹੈ।
ਸਬਜ਼ੀਆਂ ਮਹਿੰਗੀਆਂ ਹੋਈਆਂ: ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਮੰਡੀ ਵਿੱਚ ਗਾਹਕ ਨਹੀਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੈਪੁਰ ਗੁਜਰਾਤ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਹੀ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਆਉਂਦੀਆਂ ਹਨ ਅਤੇ ਜਿਹੜੀ ਬਾਹਰੋਂ ਸਬਜ਼ੀ ਆਉਂਦੀ ਹੈ, ਉਸ ਨਾਲ ਸਬਜ਼ੀਆਂ ਦੀ ਕੀਮਤ 'ਤੇ ਕਾਫੀ ਅਸਰ ਪੈਂਦਾ ਹੈ। ਕੀਮਤ ਕਾਫੀ ਘੱਟ ਹੁੰਦੀ ਹੈ, ਪਰ ਅੱਜ ਬਾਹਰੋਂ ਸਬਜ਼ੀਆਂ ਨਹੀਂ ਆਈਆਂ ਜਿਸ ਕਰਕੇ ਖਾਸ ਕਰਕੇ ਜੋ ਸਬਜੀਆਂ ਪੰਜਾਬ ਵਿੱਚ ਪੈਦਾ ਨਹੀਂ ਹੁੰਦੀਆਂ, ਉਹ ਅੱਜ ਮਹਿੰਗੀਆਂ ਵਿਕ ਰਹੀਆਂ ਹਨ।
ਸਬਜ਼ੀ ਵਿਕ੍ਰੇਤਾਵਾਂ ਨੇ ਕਿਹਾ ਕਿ ਟਮਾਟਰ ਤੇ ਖੀਰਾ ਮਹਿੰਗਾ ਹੋ ਗਿਆ ਹੈ, ਜੋ ਖੀਰਾ ਆਮ ਤੌਰ ਉੱਤੇ 20 ਰੁਪਏ ਪ੍ਰਤੀ ਕਿਲੋ ਵਿਕਦਾ ਸੀ, ਉਹ ਅੱਜ 50 ਰੁਪਏ ਪ੍ਰਤੀ ਕਿਲੋ ਮੰਡੀ ਦਾ ਰੇਟ ਚੱਲ ਰਿਹਾ ਹੈ। ਇਸ ਤੋਂ ਇਲਾਵਾ ਗਾਜਰ ਦਾ ਵੀ ਰੇਟ ਵਧਿਆ ਹੈ। ਟਮਾਟਰ ਮਹਿੰਗਾ ਵਿਕਿਆ ਹੈ, ਜੋ ਕਿ ਲੋਕਾਂ ਤੱਕ ਵੀ ਮਹਿੰਗਾ ਪਹੁੰਚੇਗਾ ਅਤੇ ਇਸ ਦਾ ਅਸਰ ਆਮ ਲੋਕਾਂ ਨੂੰ ਵੀ ਝੱਲਣਾ ਪਵੇਗਾ।
ਸਬਜ਼ੀਆਂ ਖਰਾਬ ਹੋਣ ਦਾ ਖ਼ਦਸ਼ਾ: ਸਬਜ਼ੀ ਵਿਕ੍ਰੇਤਾਵਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਨਾ ਸਿਰਫ ਰੇੜੀਆਂ ਫੜੀਆਂ ਵਾਲੇ ਸਬਜ਼ੀ ਲੈਣ ਆਏ, ਸਗੋਂ ਜੋ ਲੋਕਲ ਗਾਹਕ ਸਬਜ਼ੀ ਲੈਣ ਲਈ ਮੰਡੀ ਵਿੱਚ ਆਉਂਦੇ ਸਨ, ਉਹ ਵੀ ਅੱਜ ਮੰਡੀ ਵਿੱਚ ਬੰਦ ਕਰਕੇ ਨਹੀਂ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟੇਸ਼ਨ ਪੂਰੀ ਤਰ੍ਹਾਂ ਠੱਪ ਰਿਹਾ। ਸਾਡੇ ਕਈ ਟਰੱਕ ਟੋਲ ਪਲਾਜ਼ਿਆਂ 'ਤੇ ਫਸੇ ਰਹੇ। ਕਿਸਾਨਾਂ ਵੱਲੋਂ ਟੋਲ ਪਲਾਜੇ ਅੱਜ ਬੰਦ ਕਰ ਦਿੱਤੇ ਗਏ ਹਨ। ਸੜਕਾਂ ਉੱਤੇ ਵੀ ਕਈ ਥਾਂ 'ਤੇ ਜਾਮ ਹੈ ਜਿਸ ਕਰਕੇ ਜੋ ਟਰੱਕ ਸਵੇਰੇ ਮੰਡੀਆਂ ਤੋਂ ਚੱਲੇ ਸਨ, ਉਹ ਸਮੇਂ ਸਿਰ ਨਹੀਂ ਪਹੁੰਚ ਸਕੇ ਹਨ ਜਿਸ ਨਾਲ ਉਨ੍ਹਾਂ ਨੂੰ ਖਦਸ਼ਾ ਹੈ ਕਿ ਸਬਜ਼ੀ ਖਰਾਬ ਵੀ ਹੋ ਸਕਦੀ ਹੈ। ਉਨ੍ਹਾ ਨੇ ਕਿਹਾ ਹੈ ਕਿ ਹੁਣ ਮੌਸਮ ਵਿੱਚ ਵੀ ਤਬਦੀਲੀ ਆ ਰਹੀ ਹੈ। ਗਰਮੀ ਵਧਣ ਲੱਗੀ ਹੈ ਅਤੇ ਇਸ ਮੌਸਮ ਵਿੱਚ ਸਬਜ਼ੀ ਜਲਦੀ ਖ਼ਰਾਬ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।