ਬਠਿੰਡਾ: ਅੱਜ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਕ ਕੋਨੇ ਵਿੱਚ ਬਣੇ ਛੋਟੇ ਜਿਹੇ ਪਾਰਕ ਵਿੱਚ ਲਵਾਰਿਸ ਹਾਲਤ ਵਿੱਚ ਅਸਲਾ ਪਏ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ।
ਹਸਪਤਾਲ ਦੇ ਪਾਰਕ 'ਚ ਅਸਲਾ ਮਿਲਣ ਦੀ ਜਾਣਕਾਰੀ
ਉਧਰ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਸੀਆਈਏ ਸਟਾਫ ਦੀ ਟੀਮ ਵੱਲੋਂ ਜਦੋਂ ਲਾਵਾਰਿਸ ਹਾਲਤ ਵਿੱਚ ਪਏ ਪਿਸਤੌਲ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਖਿਡੌਣਾ ਪਿਸਤੌਲ ਹੈ। ਸੀਆਈਏ ਸਟਾਫ ਦੇ ਇੰਚਾਰਜ ਕਰਨਦੀਪ ਸਿੰਘ ਨੇ ਕਿਹਾ ਕਿ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਇੱਕ ਲਵਾਰਿਸ ਹਾਲਤ ਵਿੱਚ ਅਸਲਾ ਸਰਕਾਰੀ ਹਸਪਤਾਲ ਦੇ ਪਾਰਕ ਵਿੱਚ ਪਿਆ ਹੈ।
ਜਾਂਚ ਦੌਰਾਨ ਨਿਕਲੀ ਖਿਡੌਣਾ ਪਿਸਤੌਲ
ਉਨ੍ਹਾਂ ਕਿਹਾ ਕਿ ਸੂਚਨਾ ਮਿਲਣ 'ਤੇ ਉਹਨਾਂ ਵੱਲੋਂ ਤੁਰੰਤ ਮੌਕੇ 'ਤੇ ਪਹੁੰਚ ਕੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਖਿਡੌਣਾ ਪਿਸਤੌਲ ਪਾਇਆ ਗਿਆ। ਉਨ੍ਹਾਂ ਕਿਹਾ ਕਿ ਫਿਰ ਵੀ ਸਾਡੀ ਟੀਮ ਵੱਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਤਾਂ ਨਹੀਂ ਕੀਤੀ ਗਈ।
ਪੁਲਿਸ ਨੇ ਲੋਕਾਂ ਨੂੰ ਕੀਤੀ ਸਹਿਯੋਗ ਦੀ ਅਪੀਲ
ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਓਹਾਰਾਂ ਦੇ ਮੱਦੇਨਜ਼ਰ ਜੇਕਰ ਕੋਈ ਵੀ ਲਵਾਰਿਸ ਵਸਤੂ ਤੁਹਾਨੂੰ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰਨ ਤਾਂ ਜੋ ਸਮੇਂ ਰਹਿੰਦਿਆਂ ਕਾਰਵਾਈ ਕੀਤੀ ਜਾ ਸਕੇ।